ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੇ 350 ਸਾਲਾ ਜਨਮ ਦਿਵਸ ਨੂੰ ਸਮਰਪਿਤ “ਬਾਬਾ ਬੰਦਾ ਸਿੰਘ ਬਹਾਦੁਰ; ਜਮੀਨੀ ਘੋਲ ਅਤੇ ਦਲਿਤ” ਵਿਸ਼ੇ ‘ਤੇ ਲਹਿਰਾ ਭਵਨ ਸੰਗਰੂਰ ਵਿਖੇ ਸੈਮੀਨਾਰ ਕਰਵਾਇਆ ਗਿਆ।
ਭਵਾਨੀਗੜ੍ਹ 27 ਅਕਤੂਬਰ
ਬੰਦਾ ਸਿੰਘ ਬਹਾਦਰ ਨੇ ਜਮੀਨ ਦਾ ਸੰਘਰਸ਼ ਲੜਿਆ ਅਤੇ ਰਾਜ ਦੇ ਵਿੱਚ ਬਿਨਾਂ ਕਿਸੇ ਜਾਤ, ਧਰਮ ਦਾ ਭੇਦਭਾਵ ਕੀਤਿਆਂ ਮੁਜਾਰਿਆ ਨੂੰ ਜਮੀਨਾਂ ਦੇ ਮਾਲਕ ਬਣਾਇਆ, ਜਿਸਦੀ ਗਵਾਹੀ ਇਤਿਹਾਸਕ ਤੱਥ ਭਰਦੇ ਹਨ। ਇਹ ਸ਼ਬਦ ਅੱਜ ਦੇ ਸੈਮੀਨਾਰ ਵਿੱਚ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਹੇ। ਉਨਾਂ ਨੇ ਕਿਹਾ ਕਿ ਇਤਿਹਾਸ ਦੇ ਸੱਤਾ ਨੇੜੇ ਰਹੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਦੇ ਸੰਘਰਸ਼ਮਈ ਇਤਿਹਾਸ ਨੂੰ ਬਹੁਤ ਤੋੜਿਆ ਮਰੋੜਿਆ, ਤਾਂ ਕਿ ਨਿਓਟੇ ਲੋਕ ਜਿਨ੍ਹਾਂ ਦੀ ਓਟ ਬੰਦਾ ਸਿੰਘ ਬਹਾਦਰ ਸੀ, ਉਹ ਸੱਤਾ ਤਬਦੀਲੀ ਦੇ ਸੰਘਰਸ਼ ਵਿੱਚ ਸਫਲ ਨਾ ਹੋ ਜਾਣ। ਬੰਦਾ ਸਿੰਘ ਬਹਾਦਰ ਸਿੱਖੀ ਦੇ ਅਸਲ ਤੱਤ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਿੱਚ ਸਫਲ ਰਿਹਾ। ਬੰਦਾ ਸਿੰਘ ਨੇ ਜਾਤੀ ਵਿਵਸਥਾ ਦੇ ਅਧਾਰ ਅਤੇ ਉੱਚ-ਉਸਾਰ ਰਾਹੀ, ਉਸ ਤੰਦ ਨੂੰ ਫੜਿਆ ਜਿਸਨੂੰ ਭਿੱਟ ਸਮਝਿਆ ਜਾਦਾ ਸੀ। ਇਸ ਭਿੱਟ ਨੂੰ ਖਤਮ ਕਰਨ ਲਈ ਬਾਬਾ ਬੰਦਾ ਸਿੰਘ ਨੇ ਗੁਰੂਆਂ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਅਤੇ ਇੱਕੋ ਬਾਟੇ ਚੋਂ ਲੰਗਰ ਛਕਣਾ ਅਤੇ ਅੰਤਰ ਜਾਤੀ ਵਿਆਹ ਤੋਂ ਅੱਗੇ ਤੁਰਦੇ ਹੋਏ ਨਿਚਲੀਆਂ ਜਾਤਾਂ ਨੂੰ ਜਮੀਨ ਅਤੇ ਸੱਤਾ ਚੋਂ ਬਰਾਬਰ ਹਿੱਸੇਦਾਰੀ ਦਿਤੀ। ਡਾ.ਸੁਮੇਲ ਸਿੱਧੂ ਨੇ ਕਿਹਾ ਕਿ ਮੋਜੂਦਾ ਦੌਰ ਚ ਬੰਦਾ ਸਿੰਘ ਬਹਾਦਰ ਦਾ ਰਾਹ ਸਾਨੂੰ ਦਿਸ਼ਾ ਵਿਖਾਉਂਦਾ ਹੈ ਕਿ ਅੱਜ ਦੇ ਫਾਸ਼ੀ ਹੱਲੇ ਨੂੰ ਦਲਿਤਾਂ ਅਤੇ ਵੱਖ-ਵੱਖ ਜਥੇਬੰਦੀਆ ਦੇ ਸਾਂਝੇ ਮੋਰਚੇ ਰਾਹੀ ਇੱਕ ਵਿਚਾਰਧਾਰਕ ਅਤੇ ਜਥੇਬੰਦਕ ਤਿਆਰੀ ਨਾਲ ਜੁਝਾਰੂ ਸੰਘਰਸ਼ ਲੜਕੇ ਹਰਾਇਆ ਜਾ ਸਕਦਾ ਹੈ।ਆਪਣੇ ਇਤਿਹਾਸਕ ਵਿਰਸੇ ਨੂੰ ਛੱਡ ਕੇ ਸੰਘਰਸ਼ਾਂ ‘ਚ ਸਫਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਸਫਲਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਹੀ ਲੋਕ ਘੋਲ ਉਸਾਰ ਕੇ ਮਿਲ ਸਕਦੀ ਹੈ। ਸਰੋਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ ਨੇ ਕਿਹਾ ਕਿ ਇਸ ਵੇਲੇ ਦੁਸ਼ਮਣਾਂ ਦੀ ਨਿਸ਼ਾਨਦੇਹੀ ਵੀ ਮਹੱਤਵਪੂਰਣ ਕਾਰਜ ਹੈ। ਜਿਸ ਵਿੱਚ ਸਾਮਰਾਜਵਾਦ, ਜਗੀਰਦਾਰੀ ਅਤੇ ਦਲਾਲ ਸਰਮਾਏਦਾਰੀ ਨੂੰ ਸਾਨੂੰ ਆਪਣੇ ਦੁਸ਼ਮਣਾਂ ਦੀ ਕਤਾਰ ਚ ਮੰਨਣਾ ਚਾਹੀਦਾ ਹੈ। ਉੱਘੇ ਅਰਥਸ਼ਾਸਤਰੀ ਡਾ.ਬਲਦੇਵ ਸਿੰਘ ਸਾਭੋ ਕੀ ਤਲਵੰਡੀ ਨੇ ਕਿਹਾ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਦਾ ਸੰਘਰਸ਼, ਪੰਜਾਬ ਦੇ ਸੰਘਰਸ਼ਾਂ ਨੂੰ ਇੱਕ ਦਿਸ਼ਾ ਦਿੰਦਾ ਹੈ। ਡਾ. ਸੱਤਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਸਿੱਖ ਜਗਤ ਦੀਆਂ ਲਾਸਾਨੀ ਕੁਰਬਾਨੀਆਂ ਚੋਂ ਸਰਵੋਤਮ ਕੁਰਬਾਨੀ ਹੈ।ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਬੰਦਾ ਸਿੰਘ ਬਹਾਦਰ ਨੂੰ ਇੱਕ ਨਿਡਰ ਤੇ ਨਿਰਭਉ ਹੋਕੇ ਲੜਨ ਵਾਲਾ ਸੈਨਿਕ ਯੋਧਾ ਦੱਸਿਆ। ਅੰਤ ਵਿੱਚ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ 350 ਸਾਲਾ ਜਨਮ ਦਿਹਾੜੇ ਨੂੰ ਪੂਰੇ ਇੱਕ ਸਾਲ ਵੱਖ ਵੱਖ ਪਿੰਡਾਂ ‘ਚ ਮਨਾਉਂਦੇ ਹੋਇਆ ਜਥੇਬੰਦੀ ਹੱਦਬੰਦੀ ਤੋਂ ਉਪਰਲੀ ਜਮੀਨ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡਣ ਲਈ ਪ੍ਰਚਾਰ ਕਰੇਗੀ ਅਤੇ ਸਾਲ ਦੇ ਅਖੀਰ ਚ ਵੱਡਾ ਇਕੱਠ ਕਰਕੇ ਸੰਘਰਸ਼ ਨੂੰ ਅਗਲੇ ਪੜਾਅ ‘ਚ ਲਿਜਾਣ ਦਾ ਐਲਾਨ ਕਰੇਗੀ।ਅੱਜ ਦੇ ਸੈਮੀਨਾਰ ‘ਚ ਰਿਟਾ.ਕਰਨਲ ਜਗਦੀਸ਼ ਸਿੰਘ ,ਗੁਰਵਿੰਦਰ ਬੌੜਾਂ, ਬਿੱਕਰ ਹਥੋਆ, ਸਵਰਨਜੀਤ ਸਿੰਘ, ਅਮਨ ਦਿਓਲ ਇਸਤਰੀ ਜਾਗਰਤੀ ਮੰਚ ਦੀ ਸੂਬਾਈ ਆਗੂ, ਹਰਪ੍ਰੀਤ ਕੌਰ ਬਬਲੀ, ਕ੍ਰਿਸ਼ਨ ਭੜੋ, ਮਾਸਟਰ ਰਘਵੀਰ ਭਵਾਨੀਗੜ, ਹਰਨੇਕ ਪਟਿਆਲਾ, ਬਹਾਲ ਬੇਨੜਾ, ਵਿਸ਼ੇਸ਼ਰ ਰਾਮ ਵੀ ਮੁੱਖ ਤੌਰ ਤੇ ਪਹੁੰਚੇ। ਅੱਜ ਦੇ ਸੈਮੀਨਾਰ ਦੀ ਸਟੇਜ ਪਰਮਜੀਤ ਲੌਂਗੋਵਾਲ ਨੇ ਨਿਭਾਈ।