ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਤੇ ਕਤਲ ਕੇਸ ਵਿੱਚ ਚਲਾਨ ਇਸੇ ਹਫਤੇ ਪੇਸ਼ ਹੋਵੇਗਾ: ਕੈਪਟਨ ਅਮਰਿੰਦਰ ਸਿੰਘ
‘‘ਕੌਣ ਕਹਿੰਦਾ ਹੈ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ’’, ਮੁੱਖ ਮੰਤਰੀ ਨੇ ਕਿਹਾ
ਕਿਹਾ, ਇਹ ਕੋਈ ਪਹਿਲੀ ਵਾਰ ਨਹੀਂ ਕਿ ਸਾਡੇ ਪਰਿਵਾਰ ਨੂੰ ਈ.ਡੀ. ਕੋਲੋਂ ਸੰਮਨ ਮਿਲੇ ਹਨ
ਪਟਿਆਲਾ, 25 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਹਾਥਰਸ ਮਾਮਲੇ ਵਿੱਚ ਉਤਰ ਪ੍ਰਦੇਸ਼ ਸਰਕਾਰ ਦੀ ਢਿੱਲੀ ਕਾਰਵਾਈ ਦੇ ਉਲਟ ਉਨਾਂ ਦੀ ਸਰਕਾਰ ਨੇ ਹੁਸ਼ਿਆਰਪੁਰ ਜਬਰ ਜਨਾਹ ਤੇ ਕਤਲ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ। ਉਨਾਂ ਕਿਹਾ ਕਿ ਚਲਾਨ ਇਸੇ ਹਫਤੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਫੌਰੀ ਤੌਰ ਉੱਤੇ ਕਾਰਵਾਈ ਕਰਦੇ ਹੋਏ ਬਿਨਾਂ ਦੇਰੀ ਕੀਤਿਆਂ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਜਦੋਂ ਕਿ ਹਾਥਰਸ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ। ਉਨਾਂ ਅੱਗੇ ਦੱਸਿਆ ਕਿ ਇਹੋ ਕਾਰਨ ਹੈ ਕਿ ਰਾਹੁਲ ਗਾਂਧੀ ਨੂੰ ਪੀੜਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਾਥਰਸ ਜਾਣਾ ਪਿਆ ਅਤੇ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਪਈ।
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਚੋਣਵੇਂ ਤੌਰ ਉੱਤੇ ਗੁੱਸੇ ਦਾ ਇਜਹਾਰ ਕਰਨ ਸਬੰਧੀ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਪੁਲਿਸ ਹੁਸ਼ਿਆਰਪੁਰ ਮਾਮਲੇ ਵਿੱਚ ਤੇਜੀ ਨਾ ਵਿਖਾਉਂਦੀ ਤਾਂ ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਤੇ ਹੋਰਨਾਂ ਨੇ ਉਸੇ ਤਰਾਂ ਪ੍ਰਤਿਕਿਰਿਆ ਦੇਣੀ ਸੀ ਜਿਵੇਂ ਕਿ ਉਨਾਂ ਨੇ ਹਾਥਰਸ ਮਾਮਲੇ ਵਿੱਚ ਦਿੱਤੀ ਸੀ। ਉਨਾਂ ਇਹ ਵੀ ਦੱਸਿਆ ਕਿ ਉਹ ਨਿਰਮਲਾ ਸੀਤਾਰਮਨ ਦੇ ਬਿਆਨ ਬਾਰੇ ਬੀਤੇ ਕੱਲ ਹੀ ਟਿੱਪਣੀ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ ਅਤੇ ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ, “ਕੌਣ ਕਹਿੰਦਾ ਹੈ ਕਿ ਨਵਜੋਤ ਸਿੱਧੂ ਦਰਕਿਨਾਰ ਹਨ?”
ਇਨਫੋਰਸਮੈਂਟ ਵਿਭਾਗ (ਈ.ਡੀ.) ਵੱਲੋਂ ਉਨਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜੇ ਜਾਣ ਬਾਰੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਏਜੰਸੀ ਵੱਲੋਂ ਉਨਾਂ ਦੇ ਪਰਿਵਾਰ ਨੂੰ ਸੰਮਨ ਭੇਜੇ ਗਏ ਹਨ।
ਅਕਾਲੀਆਂ ਵੱਲੋਂ ਉਨਾਂ ਉਤੇ ਖੇਤੀਬਾੜੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੰਢਤੁਪ ਕਰਨ ਦੇ ਇਲਜਾਮਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੌਣ ਕਿਸ ਦੇ ਨਾਲ ਮਿਲਿਆ ਹੋਇਆ ਹੈ। ਉਨਾਂ ਅੱਗੇ ਕਿਹਾ, “ਇਹ ਅਕਾਲੀ ਹੀ ਹਨ ਜੋ ਕਿ ਭਾਜਪਾ ਨਾਲ ਰਲੇ ਹੋਏ ਹਨ ਜਿਨਾਂ ਨੇ ਦਬਾਅ ਹੇਠ ਐਨ.ਡੀ.ਏ. ਦਾ ਸਾਥ ਛੱਡਿਆ ਪਰ ਹਾਲੇ ਵੀ ਇਕੱਠੇ ਕੰਮ ਕਰ ਰਹੇ ਹਨ।” ਉਨਾਂ ਅੱਗੇ ਕਿਹਾ ਕਿ ਹਰਸਿਮਰਤ ਬਾਦਲ ਕਿਸਾਨ ਵਿਰੋਧੀ ਆਰਡੀਨੈਂਸ ਲਿਆਉਣ ਵਿੱਚ ਸ਼ਾਮਲ ਸੀ ਅਤੇ ਕੇਂਦਰ ਸਰਕਾਰ ਵੱਲੋਂ ਜਦੋਂ ਇਨਾਂ ਨੂੰ ਕੇਂਦਰੀ ਕੈਬਨਿਟ ਵਿੱਚ ਪਾਸ ਕੀਤਾ ਗਿਆ ਉਦੋਂ ਹਰਸਿਮਰਤ ਕੈਬਨਿਟ ਮੰਤਰੀ ਵਜੋਂ ਹਾਜ਼ਰ ਸੀ। ਉਨਾਂ ਹੋਰ ਦੱਸਿਆ, “ਅਕਾਲੀਆਂ ਨੇ ਕੀ ਕੀਤਾ? ਮੇਰੀ ਸਰਕਾਰ ਨੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਮਤੇ/ਬਿੱਲ ਲਿਆਂਦੇ।”
ਇਹ ਸਪੱਸ਼ਟ ਕਰਦੇ ਹੋਏ ਕਿ ਲੜਾਈ ਕੇਂਦਰ ਸਰਕਾਰ ਨਾਲ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੀ ਅਪੀਲ ਦੁਹਰਾਉਂਦੇ ਹੋਏ ਕਿਹਾ ਕਿ ਉਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਵਿੱਚ ਧਰਨੇ ਲਾਉਣੇ ਚਾਹੀਦੇ ਹਨ ਕਿਉਂ ਜੋ ਪੰਜਾਬ ਵਿੱਚ ਧਰਨਿਆਂ ਕਾਰਨ ਆਰਥਿਕ ਗਤੀਵਿਧੀਆਂ ਨੂੰ ਢਾਹ ਲੱਗ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਸੂਬੇ ਦੇ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਨਾਂ ਇਸ ਤੱਥ ਵੱਲ ਇਸਾਰਾ ਕੀਤਾ ਕਿ ਸੂਬੇ ਕੋਲ ਸਿਰਫ ਇਕ ਦਿਨ ਦਾ ਕੋਲੇ ਦਾ ਸਟਾਕ ਅਤੇ ਸਿਰਫ 10 ਫੀਸਦੀ ਯੂਰੀਆ ਬਚਿਆ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਕੌਮੀ ਗਰਿੱਡ ਤੋਂ ਬਿਜਲੀ ਖਰੀਦਣ ਦਾ ਬਦਲ ਸੂਬੇ ਕੋਲ ਨਹੀਂ ਹੈ ਕਿਉਂਕਿ ਸੂਬੇ ਕੋਲ ਪੈਸਾ ਨਹੀਂ ਹੈ।
ਹੋਰਨਾਂ ਸੂਬਿਆਂ ਵਿੱਚ ਖੇਤੀਬਾੜੀ ਕਾਨੂੰਨਾਂ ਸੰਬੰਧਾਂ ਬਾਰੇ ਮਤਿਆਂ ਦੀ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 11 ਸੂਬਿਆਂ ਵਿੱਚ ਗੈਰ ਭਾਜਪਾ ਦੀਆਂ ਸਰਕਾਰਾਂ ਹਨ ਅਤੇ 4 ਸੂਬਿਆਂ ਵਿੱਚ ਕਾਂਗਰਸ ਸੱਤਾ ਵਿੱਚ ਹੈ। ਉਨਾਂ ਕਿਹਾ ਕਿ ਸਾਰੀਆਂ ਕਾਂਗਰਸ ਸਰਕਾਰਾਂ ਵੱਲੋਂ ਕੇਂਦਰੀ ਕਾਨੂੰਨਾਂ ਖਿਲਾਫ ਅਜਿਹੇ ਹੀ ਮਤੇ ਲਿਆਂਦੇ ਜਾਣਗੇ ਅਤੇ ਉਮੀਦ ਹੈ ਕਿ ਬਾਕੀ ਗੈਰ ਭਾਜਪਾ ਵਾਲੇ ਸੂਬੇ ਜਿਵੇਂ ਕਿ ਪੱਛਮੀ ਬੰਗਾਲ ਆਦਿ ਵੱਲੋਂ ਅਜਿਹੀ ਹੀ ਕਾਰਵਾਈ ਕੀਤੀ ਜਾਵੇਗੀ।
ਬੀਤੇ ਵਰੇ ਦੁਸਹਿਰੇ ਮੌਕੇ ਹੋਏ ਰੇਲ ਹਾਦਸੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਤੁਰੰਤ ਹੀ ਮਾਲੀ ਸਹਾਇਤਾ ਮੁਹੱਈਆ ਕਰਵਾ ਦਿੱਤੀ ਸੀ ਪਰ ਹੁਣ ਇਹ ਮਾਮਲਾ ਰੇਲਵੇ ਕੋਲ ਹੈ ਜੋ ਕਿ ਬਾਕੀ ਦੀ ਸਹਾਇਤਾ ਇਸ ਹਾਦਸੇ ਦੇ ਪੀੜਤਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਪਹੁੰਚਾਉਣਗੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਸੰਕਟ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗੈਰ ਤਰਤੀਬੀ ਤਰੀਕੇ ਨਾਲ ਵਾਧੂ ਭਰਤੀਆਂ ਕੀਤੀਆਂ ਸਨ। ਉਨਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਸਮੱਸਿਆ ਦਾ ਹੱਲ ਵੀ ਕੱਢ ਲਵੇਗੀ।