Breaking News

ਸ਼ਹੀਦ ਗੁਰਬਿੰਦਰ ਸਿੰਘ ਦਾ ਪੂਰੇ ਫੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸ਼ਹੀਦ ਗੁਰਬਿੰਦਰ ਸਿੰਘ ਦਾ ਪੂਰੇ ਫੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
* ਜੱਦੀ ਪਿੰਡ ਤੋਲਾਵਾਲ ਵਿਖੇ ਵੱਡੀ ਗਿਣਤੀ ਸਿਆਸੀ, ਫੌਜੀ, ਪ੍ਰਸ਼ਾਸਨਿਕ, ਸਮਾਜਿਕ ਹਸਤੀਆਂ ਨੇ ਦਿੱਤੀ ਅੰਤਿਮ ਵਿਦਾਇਗੀ
* ਪੰਜਾਬ ਨਾਲ ਸਬੰਧਤ ਸ਼ਹੀਦਾਂ ਦੇ ਨਾਂ ’ਤੇ ਸਬੰਧਤ ਪਿੰਡ ਦੇ ਸਕੂਲ ਦਾ ਕੀਤਾ ਜਾਵੇਗਾ ਨਾਮਕਰਨ: ਵਿਜੈ ਇੰਦਰ ਸਿੰਗਲਾ
ਚੰਡੀਗੜ/ਤੋਲਾਵਾਲ/ਸੰਗਰੂਰ, 19 ਜੂਨ:
ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ ’ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਮੁੱਠਭੇੜ ’ਚ ਹੋਰ ਭਾਰਤੀ ਫ਼ੌਜੀਆਂ ਸਮੇਤ ਸ਼ਹਾਦਤ ਦਾ ਜਾਮ ਪੀਣ ਵਾਲੇ ਜਾਂਬਾਜ਼ ਸਿਪਾਹੀ ਗੁਰਬਿੰਦਰ ਸਿੰਘ ਦੀ ਮਿ੍ਰਤਕ ਦੇਹ ਜਿਵੇਂ ਹੀ ਫੌਜੀ ਤੇ ਸਰਕਾਰੀ ਸਨਮਾਨਾਂ ਨਾਲ ਉਨਢਾਂ ਦੇ ਜੱਦੀ ਪਿੰਡ ਤੋਲਾਵਾਲ ਵਿਖੇ ਪੁੱਜੀ ਤਾਂ ਸਾਰਾ ਮਾਹੌਲ ਗ਼ਮਗੀਨ ਹੋ ਗਿਆ।
ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਪਿੰਡ ਤੋਲਾਵਾਲ ਦੇ ਸਮਸ਼ਾਨਘਾਟ ਵਿਖੇ ਮਾਹੌਲ ਉਸ ਵੇਲੇ ਭਾਵੁਕਤਾ ਨਾਲ ਭਰ ਗਿਆ ਜਦੋਂ ਭਾਰਤੀ ਫ਼ੌਜ ਦੇ ਇਸ ਸ਼ਹੀਦ ਦੀ ਚਿਖਾ ਨੂੰ ਉਨਾਂ ਦੇ ਪਿਤਾ ਸ. ਲਾਭ ਸਿੰਘ ਵੱਲੋਂ ਅਗਨੀ ਦਿਖਾਈ ਗਈ। ਹਰ ਅੱਖ ਨਮ ਸੀ ਅਤੇ ਦੇਸ਼ ਦੇ ਇਸ ਯੋਧੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ।
ਸ਼ਹੀਦ ਗੁਰਬਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਫ਼ੌਜੀ ਅਧਿਕਾਰੀਆਂ ਨੇ ਭਾਵੁਕਤਾ ਭਰੇ ਮਾਹੌਲ ’ਚ ਸ਼ਹੀਦ ਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਕੇ ਸਲਾਮੀ ਦਿੱਤੀ।
ਇਸ ਤੋਂ ਪਹਿਲਾਂ ਸ਼ਹੀਦ ਦੀ ਮਿ੍ਰਤਕ ਦੇਹ ’ਤੇ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੌਰ ਦੀ ਤਰਫੋ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਐਮ.ਪੀ ਸ਼੍ਰੀ ਅਵਿਨਾਸ਼ ਰਾਏ ਖੰਨਾ, ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਦਾਮਨ ਥਿੰਦ ਬਾਜਵਾ ਤੇ ਸ਼੍ਰੀ ਹਰਮਨ ਦੇਵ ਬਾਜਵਾ, ਚੇਅਰਮੈਨ ਜ਼ਿਲਢਾ ਯੋਜਨਾ ਬੋਰਡ ਰਜਿੰਦਰ ਸਿੰਘ ਰਾਜਾ, ਐਸ.ਐਸ.ਪੀ ਡਾ. ਸੰਦੀਪ ਗਰਗ ਸਮੇਤ ਹੋਰਾਂ ਨੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਤੋਂ ਇਲਾਵਾ ਭਾਰਤੀ ਸੈਨਾ ਤੇ ਪ੍ਰਸਾਸ਼ਨ ਦੇ ਵੱਖ ਵੱਖ ਅਧਿਕਾਰੀਆਂ ਨੇ ਵੀ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਵੱਖ ਵੱਖ ਸ਼ਖਸ਼ੀਅਤਾਂ ਨੇ ਸ਼ਹੀਦ ਦੇ ਪਿਤਾ ਸ. ਲਾਭ ਸਿੰਘ, ਮਾਤਾ ਸ਼੍ਰੀਮਤੀ ਚਰਨਜੀਤ ਕੌਰ, ਭੈਣ ਅਤੇ ਭਰਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਦੇਸ਼ ਲਈ ਵੱਡਾ ਤੇ ਅਹਿਮ ਕਰਾਰ ਦਿੱਤਾ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਦੇ ਨਾਲ ਖੜੀ ਹੈ। ਉਨਾਂ ਨੇ ਅਰਦਾਸ ਕੀਤੀ ਕਿ ਪਰਮਾਤਮਾ ਸ਼ਹੀਦ ਗੁਰਬਿੰਦਰ ਸਿੰਘ ਨੂੰ ਆਪਣੇ ਚਰਨਾ ’ਚ ਨਿਵਾਸ ਦੇਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ। ਇਸ ਦੌਰਾਨ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਦੇ ਵਸਨੀਕ ਤੇ ਹੋਰ ਪਤਵੰਤੇ ਵੀ ਹਜ਼ਾਰਾਂ ਦੀ ਗਿਣਤੀ ’ਚ ਹਾਜ਼ਰ ਸਨ।

ਬਾਕਸ:
ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਪਿੰਡ ਤੋਲਾਵਾਲ ਵਿਖੇ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਮ ’ਤੇ ਤਬਦੀਲ ਕੀਤਾ ਜਾਵੇਗਾ ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਾਕੀ ਤਿੰਨ ਸ਼ਹੀਦਾਂ ਦੇ ਸਨਮਾਨ ਵਿੱਚ ਵੀ ਉਨਾਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਨਾਂ ਵੀ ਸ਼ਹੀਦਾਂ ਦੇ ਨਾਂ ’ਤੇ ਰੱਖੇ ਜਾਣਗੇ।
ਉਨਢਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼੍ਰੀ ਸਿੰਗਲਾ ਨੇ ਇਹ ਐਲਾਨ ਵੀ ਕੀਤਾ ਕਿ ਪਿੰਡ ਦੇ ਖੇਡ ਸਟੇਡੀਅਮ ਦਾ ਨਾਮਕਰਨ ਵੀ ਸ਼ਹੀਦ ਦੇ ਨਾਮ ’ਤੇ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਇਸ ਜਾਂਬਾਜ਼ ਯੋਧੇ ਦੀ ਕੁਰਬਾਨੀ ਆਪਣੇ ਆਪ ਵਿੱਚ ਵੱਡੀ ਮਿਸਾਲ ਹੈ ਕਿ ਦੇਸ਼ ਦੀ ਆਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਸਾਡੇ ਸੂਰਵੀਰ ਆਪਣੀਆਂ ਜਾਨਾਂ ਤੱਕ ਨਿਛਾਵਰ ਕਰ ਦਿੰਦੇ ਹਨ ਜਿਸ ’ਤੇ ਪੂਰੇ ਦੇਸ਼ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਹੈ।

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *