ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਮਨਾਉਣ ਲਈ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ
*ਸਮੂਹ ਅਧਿਕਾਰੀ ਸਮਾਂ ਰਹਿੰਦੇ ਗਣਤੰਤਰ ਦਿਵਸ ਦੇ ਸਮੁੱਚੇ ਪ੍ਰਬੰਧਾਂ
ਨੂੰ ਨੇਪਰੇ ਚੜਾਉਣ-ਧਾਲੀਵਾਲ
*ਕਿਹਾ ਕੋਵਿਡ-19 ਮਹਾਂਮਾਰੀ ਨੂੰ ਧਿਆਨ ’ਚ ਰੱਖਦਿਆਂ ਸਮਾਰੋਹ ਦੇ ਸਮੁੱਚੇ ਕਾਰਜ਼ਾਂ
ਨੂੰ ਅਮਲ ’ਚ ਲਿਆਂਦਾ ਜਾਵੇਗਾ
ਸੰਗਰੂਰ, 4 ਜਨਵਰੀ :
ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਨੂੰ ਮਨਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਧਾਲੀਵਾਲ ਨੇ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਸਮੁੱਚੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਕੋਵਿਡ-19 ਮਹਾਂਮਾਰੀ ਨੂੰ ਧਿਆਨ ’ਚ ਰੱਖਦਿਆਂ ਗਣਤੰਤਰ ਦਿਵਸ ਦੇ ਸਮੁੱਚੇ ਕਾਰਜ਼ਾਂ ਨੂੰ ਅਮਲ ’ਚ ਲਿਆਂਦਾ ਜਾਵੇਗਾ। ਉਨਾਂ ਕਾਰਜ ਸਾਧਕ ਅਫ਼ਸਰ ਸੰਗਰੂਰ ਨੂੰ ਸਮਾਰੋਹ ਵਾਲੇ ਸਥਾਨ ਅਤੇ ਸ਼ਹਿਰ ਦੇ ਆਲੇ-ਦੁਆਲੇ ਸਾਫ਼ ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨਾਂ ਕਾਰਜ ਸਾਧਕ ਅਫ਼ਸਰ ਨੂੰ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਿਲ ਹੋਣ ਲੋਕਾਂ ਦੀ ਸੁਵਿਧਾ ਲਈ ਐਂਟਰੀ ਗੇਟ ’ਤੇ ਸੈਨੀਟਾਇਜ਼ ਕਰਨ ਦਾ ਪ੍ਰਬੰਧ ਅਤੇ ਮਾਸਕ ਮੁਹੱਈਆ ਕਰਵਾਉਣ ਦੇ ਆਦੇਸ ਵੀ ਜਾਰੀ ਕੀਤੇ।
ਸ੍ਰੀ ਧਾਲੀਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਮਾਰੋਹ ਵਾਲੇ ਸਥਾਨ ਤੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਸਮੇਤ ਐਬੂਲੈਂਸ ਅਤੇ ਦੋ ਫਸਟ ਟੇਡ ਪੋਸਟਾਂ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਅਤੇ ਖਾਣ ਪੀਣ ਵਾਲੀਆ ਵਸਤਾਂ ਦੀ ਜਾਂਚ ਕਰਨ ਲਈ ਫੂਡ ਚੈਕਿੰਗ ਟੀਮ ਤਾਇਨਾਤ ਕਰਨ ਦੇ ਆਦੇਸ਼ ਦਿੱਤੇ। ਉਨਾਂ ਜ਼ਿਲਾ ਮੰਡੀ ਅਫ਼ਸਰ ਨੂੰ ਸਮਾਰੋਹ ਵਾਲੇ ਸਥਾਨ ’ਤੇ 2 ਪੀਣ ਵਾਲੇ ਪਾਣੀ ਦੇ ਟੈਂਕਰ, ਪਾਣੀ ਪਿਲਾਉਣ ਵਾਲੇ ਬੰਦਿਆਂ, ਡਿਸਪੋਸਲ ਗਲਾਸ, ਪੀਣ ਵਾਲੇ ਪਾਣੀ ਲਈ ਸਿਵਲ ਸਰਜਨ ਸੰਗਰੂਰ ਕੋਲੋ ਕਲੋਰੀਨ ਦੀਆਂ ਗੋਲੀਆ ਪ੍ਰਾਪਤ ਕਰਨ ਆਦਿ ਦੇ ਪ੍ਰਬੰਧਾਂ ਦੇਖਣ ਦੀ ਹਦਾਇਤ ਕੀਤੀ।
ਉਨਾਂ ਡਿਪਟੀ ਡਾਇਰੈਕਟਰ ਬਾਗਬਾਨੀ, ਜ਼ਿਲਾ ਪ੍ਰੋਗਰਾਮ ਅਫ਼ਸਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਰਾ ਖੇਡ ਅਫ਼ਸਰ, ਕਾਰਜਕਾਰੀ ਇੰਜੀਨੀਅਰ ਪੰਜਾਸ ਸਟੇਟ ਕਾਰਪੋਰੇਸ਼ਨ ਲਿਮ: ਸੰਗਰੂਰ, ਜਨ ਸਿਹਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਕਾਰਜ ਸਾਧਕ ਅਫ਼ਸਰ ਨਗਰ ਸੁਧਾਰ ਟਰੱਸਟ ਅਤੇ ਹੋਰਨਾਂ ਵਿਭਾਗੀ ਅਧਿਕਾਰੀਆਂ ਨੂੰ ਗਣਤੰਤਰ ਦਿਵਸ ਨੂੰ ਲੈ ਕੇ ਸੋਂਪੀ ਡਿਊਟੀ ਨੂੰ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਜਿੱਠਣ ਦੇ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਸਿੰਘ ਬੱਤਰਾ, ਸਹਾਇਕ ਕਮਿਸ਼ਨਰ ਕਮ ਐਸ.ਡੀ.ਐਮ. ਸੰਗਰੂਰ ਯਸਪਾਲ ਸਰਮਾ ਅਤੇ ਹੋਰ ਵੱਖ-ਵੱਖ ਵਿਭਾਗੀ ਅਧਿਕਾਰੀ ਮੌਜੂਦ ਸਨ।