ਮੈਂ ਜਾਣਦਾ ਹਾਂ ਕਿ ਆਪਣੇ ਲੋਕਾਂ ਲਈ ਕਿਵੇਂ ਲੜਨਾ ਹੈ, ਤੁਹਾਡੀ ਸਲਾਹ ਦੀ ਲੋੜ ਨਹੀਂ: ਕੈਪਟਨ ਅਮਰਿੰਦਰ ਸਿੰਘ ਨੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ ਸੁਝਾਅ ਉਤੇ ਸੁਖਬੀਰ ਨੂੰ ਦਿੱਤਾ ਜਵਾਬ
ਕਿਹਾ, ਉਨਾਂ ਨੇ ਸਰਹੱਦ ਉਤੇ ਗੋਲੀਆਂ ਦਾ ਸਾਹਮਣਾ ਕੀਤਾ ਹੈ ਪਰ ਅਕਾਲੀ ਦਲ ਪ੍ਰਧਾਨ ਨੇ ਪੰਜਾਬ ਲਈ ਕੀ ਕੀਤਾ
ਚੰਡੀਗੜ/ਨਵੀਂ ਦਿੱਲੀ, 4 ਨਵੰਬਰ
ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਮਰਨ ਵਰਤ ਉਤੇ ਬੈਠਣ ਦੇ ਸੁਝਾਅ ਨੂੰ ਦਰਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਕ ਫੌਜੀ ਹੋਣ ਦੇ ਨਾਤੇ ਉਨਾਂ ਨੂੰ ਇਹ ਪਤਾ ਹੈ ਕਿ ਆਪਣੇ ਲੋਕਾਂ ਲਈ ਕਿਵੇਂ ਲੜਨਾ ਹੈ ਅਤੇ ਉਨਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਆਗੂ ਦੀ ਸਲਾਹ ਦੀ ਲੋੜ ਨਹੀਂ ਹੈ।
ਅੱਜ ਦਿੱਲੀ ਵਿਖੇ ਵਿਧਾਇਕਾਂ ਦੇ ਧਰਨੇ ਸੰਬੰਧੀ ਸੁਖਬੀਰ ਬਾਦਲ ਵੱਲੋਂ ਦਿੱਤੇ ਬਿਆਨ ਦਾ ਕਰਾਰਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਮੈਂ 1965 ਦੀ ਜੰਗ ਦੌਰਾਨ ਆਪਣੇ ਦੇਸ ਲਈ ਸਰਹੱਦ ਉਤੇ ਲੜਿਆ ਅਤੇ ਆਪਣੇ ਅਸਤੀਫਾ ਦੇਣ ਤੋਂ ਬਾਅਦ ਜਦੋਂ ਜੰਗ ਲੱਗੀ ਤਾਂ ਮੈਂ ਵਾਪਸ ਫੌਜ ਵਿੱਚ ਜਾਣ ਲੱਗਿਆ ਮੁੜ ਕੇ ਰਤਾ ਵੀ ਸੰਕੋਚ ਨਹੀਂ ਕੀਤਾ।ਮੈਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਦੁਸਮਣਾਂ ਦੀਆ ਗੋਲੀਆਂ ਦਾ ਸਾਹਮਣਾ ਕੀਤਾ। ਤੁਸੀਂ ਪੰਜਾਬ ਦੇ ਲੋਕਾਂ ਅਤੇ ਇਸ ਦੇਸ ਲਈ ਕੀ ਕੀਤਾ ਹੈ ?”
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਕੋਲ ਕਿਸਾਨਾਂ ਦੇ ਖਦਸੇ ਪੁੱਜਦੇ ਕਰਨ ਲਈ ਸਾਡਾ ਸਾਥ ਦੇਣ ਦੀ ਬਜਾਏ ਸੁਖਬੀਰ ਬਾਦਲ ਤੇ ਉਨਾਂ ਦੀ ਪਾਰਟੀ ਨੇ ਇਕ ਵਾਰ ਫੇਰ ਪਿੱਠ ਦਿਖਾਉਂਦੇ ਹੋਏ ਆਪਣੇ ਘਰਾਂ ਵਿੱਚ ਹੀ ਲੁਕੇ ਰਹਿਣਾ ਠੀਕ ਸਮਝਿਆ। ਉਨਾਂ ਅਕਾਲੀ ਦਲ ਪ੍ਰਧਾਨ ਨੂੰ ਇਹ ਸਵਾਲ ਕੀਤਾ ਕਿ ਉਨਾਂ ਨੇ ਐਨ.ਡੀ.ਏ. ਸਰਕਾਰ ਜਿਸ ਦਾ ਉਹ ਉਸ ਵੇਲੇ ਹਿੱਸਾ ਸਨ, ਉਤੇ ਕਾਲੇ ਖੇਤੀ ਕਾਨੂੰਨਾਂ ਸੰਬੰਧੀ ਦਬਾਅ ਪਾਉਣ ਲਈ ਖੁਦ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਤੇ ਕਿਉਂ ਨਹੀਂ ਗਏ।
ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ, “ਅਤੇ ਹੁਣ ਤੁਸੀਂ (ਸੁਖਬੀਰ) ਮੈਨੂੰ ਇਹ ਦੱਸ ਰਹੇ ਹੋ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।” ਉਨਾਂ ਅੱਗੇ ਕਿਹਾ ਕਿ ਜੇਕਰ ਕਿਤੇ ਕੋਈ ਧੋਖਾ ਹੋਇਆ ਹੈ ਤਾਂ ਉਹ ਬਾਦਲਾਂ ਦੁਆਰਾ ਕੀਤਾ ਗਿਆ ਹੈ ਜਿਨਾਂ ਨੇ 10 ਵਰਿਆਂ ਤੱਕ ਕੁਝ ਨਹੀਂ ਕੀਤਾ ਬਸ ਸਿਰਫ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਭਰੀਆਂ ਹਨ।
ਮੁੱਖ ਮੰਤਰੀ ਨੇ ਯਾਦ ਕੀਤਾ ਕਿ ਐਸ.ਵਾਈ.ਐਲ. ਦੇ ਮੁੱਦੇ ਉਤੇ ਉਨਾਂ ਨੇ ਬਤੌਰ ਸੰਸਦ ਮੈਂਬਰ ਹੀ ਅਸਤੀਫਾ ਨਹੀਂ ਸੀ ਦਿੱਤਾ ਸਗੋਂ ਇਹ ਅਹਿਦ ਵੀ ਕੀਤਾ ਸੀ ਕਿ ਉਹ ਪਾਣੀ ਦੀ ਇਕ ਵੀ ਬੂੰਦ ਉਤੇ ਆਪਣਾ ਹੱਕ ਨਹੀਂ ਛੱਡਣਗੇ ਭਾਵੇਂ ਉਨਾਂ ਨੂੰ ਜਾਨ ਦੀ ਬਾਜੀ ਕਿਉਂ ਨਾ ਲਾਉਣੀ ਪਵੇ। ਉਨਾਂ ਅੱਗੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਉਨਾਂ ਨੇ ਅਜਿਹਾ ਸਟੈਂਡ ਲਿਆ ਹੋਵੇ ਕਿਉਂ ਜੋ ਅੱਸੀਵਿਆਂ ਵਿੱਚ ਸਾਕਾ ਨਾਲਾ ਤਾਰਾ ਦੇ ਵਿਰੋਧ ਉਨਾਂ ਨੇ ਬਤੌਰ ਸੰਸਦ ਮੈਂਬਰ ਅਤੇ ਆਪ੍ਰੇਸਨ ਬਲੈਕ ਥੰਡਰ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਸਰਕਾਰ ਤੋਂ ਬਤੌਰ ਮੰਤਰੀ ਅਸਤੀਫਾ ਦਿੱਤਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਨਾਂ ਕੇਂਦਰੀ ਖੇਤੀ ਕਾਨੂੰਨਾਂ, ਜੋ ਕਿ ਇਕ ਤਲਖ ਸੱਚਾਈ ਕਦੇ ਨਾ ਬਣਦੇ ਜੇਕਰ ਬਾਦਲਾਂ ਨੇ ਇਸ ਮੁੱਦੇ ਉਤੇ ਐਨ.ਡੀ.ਏ. ਵਿਚਲੇ ਆਪਣੇ ਭਾਈਵਾਲਾਂ ਨਾਲ ਜੋਰਦਾਰ ਵਿਰੋਧ ਜਤਾਇਆ ਹੁੰਦਾ, ਬਾਰੇ ਉਨਾਂ ਨੇ ਸੂਬੇ ਦੀ ਵਿਧਾਨ ਸਭਾ ਵਿੱਚ ਪਹਿਲਾ ਹੀ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਆਪਣੇ ਆਖਰੀ ਸਾਹ ਤੱਕ ਲੜਨਗੇ।
ਮੁੱਖ ਮੰਤਰੀ ਨੇ ਸੁਖਬੀਰ ਨੂੰ ਕਿਹਾ, “ਮੈਨੂੰ ਯਾਦ ਨਹੀਂ ਪੈਂਦਾ ਤੁਸੀ ਜਾਂ ਤੁਹਾਡੀ ਪਾਰਟੀ ਦੇ ਆਗੂ ਕਿਸਾਨਾਂ ਜਾਂ ਹੋਰ ਵਰਗਾਂ ਲਈ ਕੋਈ ਵੀ ਕੁਰਬਾਨੀ ਕਰਨ ਹਿੱਤ ਕਦੇ ਵੀ ਤਿਆਰ ਰਹੇ ਹੋਣ।” ਉਨਾਂ ਅੱਗੇ ਕਿਹਾ ਕਿ ਅਕਾਲੀ ਵਾਰ-ਵਾਰ ਆਪਣੇ ਨਿੱਜੀ ਲਾਭ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਗਹਿਣੇ ਰੱਖ ਦੇਣ ਦੇ ਜਿੰਮੇਵਾਰ ਹਨ। ਉਨਾਂ ਅਕਾਲੀ ਦਲ ਪ੍ਰਧਾਨ ਨੂੰ ਕੋਈ ਇਕ ਵੀ ਅਜਿਹੀ ਮਿਸਾਲ ਦਾ ਹਵਾਲਾ ਦੇਣ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਦੋਂ ਉਨਾਂ ਦੀ ਜੁੰਡਲੀ ਵਿੱਚੋਂ ਕਿਸੇ ਨੇ ਵੀ ਸੂਬੇ ਦਾ ਥੋੜਾ ਜਿੰਨਾ ਵੀ ਭਲਾ ਕੀਤਾ ਹੋਵੇ।
ਕਿਸਾਨਾਂ ਵੱਲੋਂ ਆਪਣੀਆਂ ਜੰਿਦਗੀਆਂ ਅਤੇ ਰੋਜੀ ਰੋਟੀ ਦੀ ਲੜਾਈ ਦਾ ਮਜਾਕ ਲੜਾਉਣ ਲਈ ਸੁਖਬੀਰ ਬਾਦਲ ਨੂੰ ਕਰੜੇ ਹੱਥੀਂ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਬੇਲਾਗ ਰਹਿੰਦੇ ਹੋਏ ਬਾਦਲਾਂ ਨੇ ਇਕ ਨਵਾਂ ਨੀਵਾਣ ਛੂਹ ਲਿਆ ਹੈ ਕਿਉਂਕਿ ਇਸ ਮੁੱਦੇ ਸੰਬੰਧੀ ਉਨਾਂ ਦੀਆਂ ਹਰਕਤਾਂ ਇਹੋ ਜਾਹਰ ਕਰਦੀਆਂ ਹਨ। ਸੁਖਬੀਰ ਵੱਲੋਂ ਕੀਤੀ ਗਈ ਟਿੱਪਣੀ ਕਿ ਰਾਜਪਾਲ ਨੇ ਸੂਬੇ ਦੇ ਸੋਧ ਬਿੱਲਾਂ ਉਤੇ ਸਹੀ ਨਹੀਂ ਸੀ ਪਾਈ ਤਾਂ ਰਾਸਟਰਪਤੀ ਨੂੰ ਮਿਲਣ ਦੀ ਕੀ ਲੋੜ ਸੀ, ਬਾਰੇ ਤਿੱਖਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਜਅਿਾਦਾ ਮਹੱਤਵਪੂਰਨ ਸਵਾਲ ਇਹ ਸੀ ਕਿ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਬਿੱਲ ਪੇਸ ਕੀਤੇ ਜਾਣ ਤੋਂ ਬਾਅਦ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇਣ ਦੀ ਕੀ ਲੋੜ ਸੀ ਅਤੇ ਇਨਾਂ ਬਿੱਲਾਂ ਦੇ ਕਾਨੂੰਨ ਬਣ ਜਾਣ ਮਗਰੋਂ ਐਨ.ਡੀ.ਏਂ ਗਠਜੋੜ ਨਾਲੋਂ ਨਾਤਾ ਤੋੜਨ ਦੀ ਅਕਾਲੀ ਦਲ ਨੂੰ ਕੀ ਲੋੜ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਕਿਸੇ ਵੀ ਤਰਾਂ ਦੇ ਦੋਸਤਾਨਾ ਮੈਚ ਦਾ ਕੋਈ ਆਧਾਰ ਪੈਦਾ ਹੁੰਦਾ ਹੈ ਤਾਂ ਉਹ ਅਕਾਲੀਆਂ ਦੇ ਇਨਾਂ ਹੀ ਕਾਰਿਆਂ ਤੋਂ ਪੈਦਾ ਹੁੰਦਾ ਹੈ ਜਿਨਾਂ ਨੇ ਇਹ ਸਾਫ ਜਾਹਰ ਕਰ ਦਿੱਤਾ ਹੈ ਕਿ ਇਹ ਸਾਰਾ ਨਾਟਕ ਅਕਾਲੀਆਂ ਵੱਲੋਂ ਭਾਜਪਾ ਨਾਲ ਮਿਲ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਰਚਿਆ ਗਿਆ ਸੀ।