12.5 C
New York
Sunday, April 2, 2023

Buy now

spot_img

ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ ‘ਡਿਜ਼ੀਨੈਸਟ’ ਮੋਬਾਈਲ ਐਪ ਜਾਰੀ

ਮੁੱਖ ਮੰਤਰੀ ਵੱਲੋਂ ਸੂਬਾ ਸਰਕਾਰ ਦੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾਉਣ ਲਈ ‘ਡਿਜ਼ੀਨੈਸਟ’ ਮੋਬਾਈਲ ਐਪ ਜਾਰੀ
ਪ੍ਰਿੰਟ ਇਸ਼ਤਿਹਾਰ ਦਾ ਰਿਲੀਜ਼ ਆਰਡਰ ਆਨਲਾਈਨ ਤਰੀਕੇ ਨਾਲ ਜਾਰੀ ਕਰਨ ਦੇ ਸਿਸਟਮ ਦਾ ਵੀ ਕੀਤਾ ਆਗਾਜ਼
ਚੰਡੀਗੜ੍ਹ, 30 ਦਸੰਬਰ
ਸੂਬੇ ਦੇ ਲੋਕ ਸੰਪਰਕ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਸਵੈਚਾਲਿਤ ਅਤੇ ਪ੍ਰਭਾਵੀ ਬਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਰਚੁਅਲ ਢੰਗ ਨਾਲ ਮੋਬਾਈਲ ਐਪ ‘ਡਿਜ਼ੀਨੈਸਟ’ ਜਾਰੀ ਕੀਤੀ। ਇਸ ਪਹਿਲਕਦਮੀ ਨਾਲ ਲੋਕ ਆਪਣੇ ਸਮਾਰਟ ਫੋਨ ਰਾਹੀਂ ਇਕ ਬਟਨ ਦਬਾਉਣ ਦੇ ਨਾਲ ਹੀ ਸੂਬੇ ਦੀ ਸਰਕਾਰੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾ ਸਕਣਗੇ।
ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਮੀਡੀਆ ਅਦਾਰਿਆਂ ਨੂੰ ਇਸ਼ਤਿਹਾਰ ਅਤੇ ਭੁਗਤਾਨ ਜਾਰੀ ਕਰਨ ਦੀ ਸਾਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਆਨਲਾਈਨ ਪੰਜਾਬ ਇਸ਼ਤਿਹਾਰ ਰਿਲੀਜ਼ ਆਰਡਰ ਸਿਸਟਮ ਦਾ ਵੀ ਆਗਾਜ਼ ਕੀਤਾ। ਇਹ ਸਿਸਟਮ ਇਸ਼ਤਿਹਾਰ ਜਾਰੀ ਕਰਨ ਅਤੇ ਭੁਗਤਾਨ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਹਿਲਕਦਮੀਆਂ ਲੋਕ ਸੰਪਰਕ ਵਿਭਾਗ ਅਤੇ ਸਬੰਧਤ ਹਿੱਸੇਦਾਰਾਂ ਖਾਸ ਕਰਕੇ ਆਮ ਲੋਕਾਂ ਵਿਚਾਲੇ ਬਿਹਤਰ ਤਾਲਮੇਲ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ ਜਾਰੀ ਕੀਤੀ ਪੀ.ਆਰ.ਇਨਸਾਈਟ ਤੋਂ ਬਾਅਦ ‘ਡਿਜ਼ੀਨੈਸਟ’ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਇਕ ਹੋਰ ਨਿਵੇਕਲੀ ਕਾਢ ਹੈ ਜੋ ਡਿਜ਼ੀਟਾਈਲਜੇਸ਼ਨ ਦੇ ਖੇਤਰ ਵਿੱਚ ਨਵੀਆਂ ਸਿਖਰਾਂ ਛੂਹੇਗੀ।
ਗੌਰਤਲਬ ਹੈ ਕਿ ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ ਮੋਬਾਈਲ ਐਪ ਅਤੇ ਵੈੱਬ ਪੋਰਟਲ ‘ਪੀ.ਆਰ. ਇਨਸਾਈਟ’ (ਲੋਕ ਸੰਪਰਕ ਦਾ ਝਰੋਖਾ) ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨਾਲ ਫੀਡਬੈਕ ਦਾ ਨਿਰੀਖਣ ਕਰਨ ਅਤੇ ਉਸ ਦੇ ਆਧਾਰ ‘ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ ਤਾਂ ਕਿ ਸੂਬੇ ਵਿੱਚ ਲੋਕ ਪੱਖੀ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਇਆ ਜਾ ਸਕੇ।
‘ਡਿਜ਼ੀਨੈਸਟ’ ਨਾਗਰਿਕਾਂ ਨੂੰ ਵਿਭਾਗ ਅਨੁਸਾਰ ਅਧਿਕਾਰੀਆਂ ਦੇ ਸੰਪਰਕ ਨੰਬਰ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੋਵੇਗੀ ਅਤੇ ਅਧਿਕਾਰੀਆਂ ਨਾਲ ਫੋਨ ਜਾਂ ਈ-ਮੇਲ ਰਾਹੀਂ ਰਾਬਤਾ ਸਾਧਣ ਦੇ ਯੋਗ ਬਣਾਏਗੀ। ਪੰਜਾਬ ਸਰਕਾਰ ਦੇ ਕਰਮਚਾਰੀ ਵੀ ਆਪਣੇ ਐਚ.ਆਰ.ਐਮ.ਐਸ. ਪਛਾਣ ਪੱਤਰਾਂ ਰਾਹੀਂ ਐਪ ਉਤੇ ਲੌਗ ਆਨ ਕਰ ਸਕਦੇ ਹਨ ਜਿਸ ਨਾਲ ਆਪਣੇ ਸਹਿਯੋਗੀ ਕਰਮਚਾਰੀਆਂ ਦੀ ਸੇਵਾ ਮੁਕਤੀ ਤੇ ਜਨਮ ਦਿਨ ਤਰੀਕਾਂ ਬਾਰੇ ਆਪਣੇ ਆਪ ਨੂੰ ਅਪਡੇਟ ਕਰ ਸਕਣਗੇ ਅਤੇ ਐਸ.ਐਮ.ਐਸ. ਜਾਂ ਵੱਟਸਐਪ ਰਾਹੀਂ ਸ਼ੁਭ ਇੱਛਾਵਾਂ ਭੇਜ ਸਕਣਗੇ।
ਡਿਜ਼ੀਨੈਸਟ ਤੋਂ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਸੂਬਾ ਸਰਕਾਰ ਅਜਿਹੇ ਹੁਕਮਾਂ ਨੂੰ ਜਾਰੀ ਕਰਨ ਲਈ ਇਸ ਐਪ ਨੂੰ ਅਧਿਕਾਰਤ ਐਪ ਬਣਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਗਜ਼ਟਿਡ ਛੁੱਟੀਆਂ, ਰਾਖਵੀਆਂ ਛੁੱਟੀਆਂ ਅਤੇ ਹਫਤੇ ਦੇ ਛੁੱਟੀ ਵਾਲੇ ਦਿਨਾਂ ਦੇ ਵੇਰਵੇ ਸਮੇਤ ਪੰਜਾਬ ਸਰਕਾਰ ਦੀ ਛੁੱਟੀਆਂ ਦੇ ਕੈਲੰਡਰ ‘ਤੇ ਵੀ ਇਸ ਐਪ ਰਾਹੀਂ ਪਹੁੰਚ ਬਣਾਈ ਜਾ ਸਕਦੀ ਹੈ। ਕੈਲੰਡਰ ਦੀ ਇਕ ਵਿਸ਼ੇਸ਼ਤਾ ਇਹ ਵੀ ਹੋਵੇਗੀ ਕਿ ਹਰ ਮਹੀਨੇ ਆਉਣ ਵਾਲੇ ਆਉਣ ਵਾਲੇ ਦਿਹਾੜੇ ‘ਸੰਗਰਾਂਦ’, ‘ਪੂਰਨਮਾਸ਼ੀ’ ਤੇ ‘ਮੱਸਿਆ’ ਦੀਆਂ ਤਰੀਕਾਂ ਵੀ ਹਾਸਲ ਕੀਤੀਆਂ ਜਾ ਸਕਣਗੀਆਂ।
ਇਸ ਤੋਂ ਇਲਾਵਾ ਐਪ ਦਾ ਖਬਰ ਸੈਕਸ਼ਨ ਲੋਕਾਂ ਨੂੰ ਡਿਜ਼ੀਟਲ ਮੋਡ ਰਾਹੀਂ ਖਬਰਾਂ ਤੱਕ ਪਹੁੰਚ ਬਣਾਉਣ ਵਿੱਚ ਮੱਦਦਗਾਰ ਸਾਬਤ ਹੋਵੇਗਾ। ਇਸ ਤੋਂ ਇਲਾਵਾ ਜ਼ਿਲਾ ਵਾਰ ਅਤੇ ਵਿਸ਼ੇਸ਼ ਪਛਾਣ ਵਾਲੇ ਸ਼ਬਦਾਂ ਦੀ ਵਰਤੋਂ ਰਾਹੀਂ ਖਬਰਾਂ ਦੀ ਖੋਜ ਕਰਨ ਵਿੱਚ ਸਹਾਇਤਾ ਪ੍ਰਾਪਤ ਕਰੇਗਾ। ਇਸ ਤੋਂ ਇਲਾਵਾ ਐਪ ਵਿੱਚ ਟਾਈਪ ਕਰਨ ਜਾਂ ਸਟਾਈਲਸ ਦੀ ਵਰਤੋਂ ਕਰਕੇ ਨੋਟਸ ਬਣਾਉਣ ਦਾ ਬਦਲ ਹੋਵੇਗਾ। ਇਨ੍ਹਾਂ ਤੋਂ ਇਲਾਵਾ ਐਪ ਦੇ ਮੈਗਜ਼ੀਨ ਸੈਕਸ਼ਨ ਰਾਹੀਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ ਕ੍ਰਮਵਾਰ ‘ਪੰਜਾਬ ਐਡਵਾਂਸ’ ਤੇ ‘ਪ੍ਰੋਗਰੈਸਿਵ ਫਾਰਮਿੰਗ’ ਵੀ ਪੜ੍ਹੇ ਜਾ ਸਕਣਗੇ।
ਦੂਜੀ ਪਹਿਲਕਦਮੀ ਆਨਲਾਈਨ ਰਿਲੀਜ਼ ਆਰਡਰ ਸਿਸਟਮ ਸਬੰਧਤ ਧਿਰਾਂ ਵੱਲੋਂ ਇਸ਼ਤਿਹਾਰਾਂ ਦੀਆਂ ਬੇਨਤੀਆਂ/ਮੰਗ ਪੱਤਰਾਂ ਦੇ ਨਾਲ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਦਸਤੀ ਪ੍ਰਕਿਰਿਆ ਨੂੰ ਖਤਮ ਕਰੇਗਾ। ਇਹ ਨਿਵੇਕਲਾ ਕਦਮ ਜਿੱਥੇ ਸਮੇਂ ਦੀ ਬੱਚਤ ਕਰੇਗਾ ਅਤੇ ਪਾਰਦਰਸ਼ਤਾ ਲਿਆਏਗਾ ਉਥੇ ਵੱਖ-ਵੱਖ ਵਿਭਾਗਾਂ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਰਿਲੀਜ਼ ਆਰਡਰ ਦੀ ਅਸਲ ਸਮੇਂ ਦੀ ਨਿਗਰਾਨੀ ਨੂੰ ਵੀ ਯਕੀਨੀ ਬਣਾਏਗਾ।
ਆਨਲਾਈਨ ਬਿਲਿੰਗ ਪ੍ਰਣਾਲੀ ਵਿਭਾਗੀ ਅਧਿਕਾਰੀਆਂ ਤੇ ਨਿਊਜ਼ ਏਜੰਸੀਆਂ ਲਈ ਬਿੱਲਾਂ ਦੀ ਸਥਿਤੀ ਦਾ ਪਤਾ ਲਗਾਉਣ, ਵਿਭਾਗਾਂ ਅਤੇ ਖਬਰ ਏਜੰਸੀਆਂ ਦੇ ਫਾਰਮੈਟਾਂ ਦੇ ਪ੍ਰਮਾਣੀਕਰਨ, ਬਿਹਤਰ ਰਿਪੋਰਟਿੰਗ ਪ੍ਰਣਾਲੀ ਅਤੇ ਆਡਿਟ ਪ੍ਰਕਿਰਿਆ ਨੂੰ ਜਾਣਨ ਲਈ ਲਾਭਕਾਰੀ ਹੋਵੇਗੀ। ਪੰਜਾਬ ਇਸ਼ਤਿਹਾਰ ਰਿਲੀਜ਼ ਆਰਡਰ ਸਿਸਟਮ ਐਨ.ਆਈ.ਸੀ. ਪੰਜਾਬ ਵੱਲੋਂ ਪੂਰੇ ਵਿਸਥਾਰ ਵਿੱਚ ਅਧਿਐਨ ਅਤੇ ਮੁਕੰਮਲ ਸਰਕਾਰੀ ਪ੍ਰਕਿਰਿਆ ਦੀ ਘੋਖ ਕਰਨ ਤੋਂ ਬਾਅਦ ਬਣਾਇਆ ਗਿਆ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,758FollowersFollow
0SubscribersSubscribe
- Advertisement -spot_img

Latest Articles