Subscribe Now

* You will receive the latest news and updates on your favorite celebrities!

Trending News

Blog Post

ਮੁੱਖ ਮੰਤਰੀ ਵੱਲੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀਆਂ ਜਬਰੀ ਕੋਸ਼ਿਸ਼ਾਂ ਦੀ ਸਖਤ ਆਲੋਚਨਾ
Lifestyle, News

ਮੁੱਖ ਮੰਤਰੀ ਵੱਲੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀਆਂ ਜਬਰੀ ਕੋਸ਼ਿਸ਼ਾਂ ਦੀ ਸਖਤ ਆਲੋਚਨਾ 

ਮੁੱਖ ਮੰਤਰੀ ਵੱਲੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਦੀਆਂ ਜਬਰੀ ਕੋਸ਼ਿਸ਼ਾਂ ਦੀ ਸਖਤ ਆਲੋਚਨਾ

ਪੁੱਛਿਆ, ਖੱਟੜ ਸਰਕਾਰ ਕਿਸਾਨਾਂ ਨੂੰ ਕਿਉਂ ਰੋਕ ਰਹੀ ਹੈ?

ਤਾਕਤ ਦੀ ਵਰਤੋਂ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਕਰਾਰ

ਚੰਡੀਗੜ, 26 ਨਵੰਬਰ

ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਉਣ ਲਈ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਵੱਲੋਂ ਰੋਕਣ ਦੀਆਂ ਜਬਰੀ ਕੋਸ਼ਿਸ਼ਾਂ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਹਾਸ਼ੀਏ ’ਤੇ ਧੱਕਣ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਚਿਤਾਵਨੀ ਦਿੱਤੀ।

ਐਮ.ਐਲ. ਖੱਟੜ ਸਰਕਾਰ ਨੂੰ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਉਠਾਉਣ ਲਈ ਮੁਜ਼ਾਹਾਕਾਰੀ ਕਿਸਾਨਾਂ ਨੂੰ ਕੌਮੀ ਮਾਰਗ ਰਾਹੀਂ ਲੰਘਣ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਲੋੜ ’ਤੇ ਸਵਾਲ ਉਠਾਇਆ। ਮੁੱਖ ਮੰਤਰੀ ਨੇ ਕਿਹਾ,‘‘ਐਮ.ਐਲ. ਖੱਟੜ ਸਰਕਾਰ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਕਿਉਂ ਰੋਕ ਰਹੀ ਹੈ?’’ ਉਨਾਂ ਕਿਹਾ,‘‘ਸ਼ਾਂਤਮਈ ਢੰਗ ਨਾਲ ਰੋਸ ਜ਼ਾਹਰ ਕਰ ਰਹੇ ਕਿਸਾਨਾਂ ਉਪਰ ਨਿਰਦਈ ਤਾਕਤ ਦੀ ਦਮਨਕਾਰੀ ਵਰਤੋਂ ਕਰਨਾ ਪੂਰੀ ਤਰਾਂ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਹੈ। ਮੁਲਕ ਦਾ ਢਿੱਡ ਵਾਲੇ ਹੱਥ ਫੜਨ ਦੀ ਲੋੜ ਹੈ ਨਾ ਕਿ ਪਾਸੇ ਧੱਕਣ ਦੀ।’’

ਮੁੱਖ ਮੰਤਰੀ ਨੇ ਸੰਵਿਧਾਨਕ ਦਿਵਸ ਮੌਕੇ ਇਸ ਕਾਰਵਾਈ ਨੂੰ ਦੁਖਦਾਇਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੇ ਰੋਸ ਪ੍ਰਗਟਾਉਣ ਦੇ ਸੰਵਿਧਾਨਕ ਹੱਕ ਨੂੰ ਦਬਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਹਰਿਆਣਾ ਪੁਲੀਸ ਵੱਲੋਂ ਤਾਕਤ ਦੀ ਬੇਰਹਿਮ ਵਰਤੋਂ ਕੀਤੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਜਿਸ ਨੇ ਸੂਬੇ ਰਾਹੀਂ ਦਿੱਲੀ ਵੱਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਅਤੇ ਬਹੁਤ ਥਾਵਾਂ ’ਤੇ ਹਰਿਆਣਾ ਦੇ ਕਿਸਾਨਾਂ ਨੂੰ ਉਨਾਂ ਦੇ ਪਿੰਡਾਂ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੱਤੀ ਗਈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿੰਸਾ ਦੀ ਕੀ ਲੋੜ ਸੀ। ਉਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਬਿਨਾਂ ਕਿਸੇ ਦਿੱਕਤ ਤੋਂ ਪਿਛਲੇ ਦੋ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ, ਇੱਥੋਂ ਤੱਕ ਸੂਬੇ ਨੂੰ ਇਸ ਨਾਲ ਕਰੋੜਾਂ ਰੁਪਏ ਦਾ ਘਾਟਾ ਵੀ ਸਹਿਣਾ ਪਿਆ। ਹਰਿਆਣਾ ਸਰਕਾਰ ਦੀਆਂ ਕਾਰਵਾਈਆਂ ਨੂੰ ਭੜਕਾਊ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਹਿੰਸਾ ਅਤੇ ਅਮਨ-ਕਾਨੂੰਨ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਈ। ਮੁੱਖ ਮੰਤਰੀ ਨੇ ਕਿਹਾ,‘‘ਲਗਪਗ ਦੋ ਮਹੀਨਿਆਂ ਤੋਂ ਕਿਸਾਨ ਬਿਨਾਂ ਕਿਸੇ ਮੁਸ਼ਕਲ ਤੋਂ ਪੰਜਾਬ ਵਿੱਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਤਾਕਤ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਕਿਉਂ ਭੜਕਾ ਰਹੀ ਹੈ? ਕੀ ਜਨਤਕ ਮਾਰਗ ਤੋਂ ਸ਼ਾਂਤਮਈ ਤਰੀਕੇ ਨਾਲ ਲੰਘਣਾ ਦਾ ਕਿਸਾਨਾਂ ਨੂੰ ਕੋਈ ਹੱਕ ਨਹੀਂ ਹੈ?’’

ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਸਾਨਾਂ ਵਿਰੁੱਧ ਅਜਿਹੇ ਧੱਕੇਸ਼ਾਹੀ ਵਾਲੇ ਹੱਥਕੰਡੇ ਨਾ ਵਰਤਣ ਲਈ ਆਪੋ-ਆਪਣੀਆਂ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਸੁਣੀ ਜਾਵੇ ਅਤੇ ਉਨਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾਣ। ਉਨਾਂ ਨੇ ਦੇਸ਼ ਹਿੱਤ ਵਿੱਚ ਕਿਸਾਨਾਂ ਦੇ ਸਰੋਕਾਰਾਂ ਦਾ ਸ਼ਾਂਤਮਈ ਹੱਲ ਕੱਢਣ ਲਈ ਆਖਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਰਿਆਣਾ ਵਿੱਚ ਕਿਸਾਨਾਂ ਵਿਰੁੱਧ ਪੁਲੀਸ ਬਲ ਦੀ ਵਰਤੋਂ ਦੀ ਆਲੋਚਨਾ ਕਰਨ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਦੇ ਮੁੱਦੇ ਪ੍ਰਤੀ ਆਮ ਆਦਮੀ ਪਾਰਟੀ ਦੇ ਲੀਡਰ ਦੀ ਸੰਜੀਦਗੀ ’ਤੇ ਸੰਦੇਹ ਜ਼ਾਹਰ ਕੀਤਾ। ਉਨਾਂ ਕਿਹਾ ਕਿ ਦਿੱਲੀ ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਦੇ ਖਤਰਿਆਂ ਦਾ ਟਾਕਰਾ ਕਰਨ ਲਈ ਸੂਬੇ ਦੀ ਵਿਧਾਨ ਸਭਾ ਵਿੱਚ ਆਪਣੇ ਪੱਧਰ ’ਤੇ ਕਾਨੂੰਨ ਲਿਆਉਣ ਵਿੱਚ ਨਾਕਾਮ ਕਿਉਂ ਰਹੀ। ਮੁੱਖ ਮੰਤਰੀ ਨੇ ਕਿਹਾ,‘‘ਕੇਜਰੀਵਾਲ ਸਿਰਫ ਢਕਵੰਜ ਕਰ ਰਿਹਾ ਹੈ। ਅਸਲ ਵਿੱਚ ਨਾ ਤਾਂ ਉਸ ਨੂੰ ਕਿਸਾਨਾਂ ਦੀ ਪ੍ਰਵਾਹ ਹੈ ਅਤੇ ਨਾ ਹੀ ਉਨਾਂ ਦੀ ਰਾਖੀ ਕਰਨ ਵਿੱਚ ਕੋਈ ਦਿਲਚਸਪੀ ਹੈ।’’ ਉਨਾਂ ਨੇ ਦਿੱਲੀ ਦੇ ਆਪਣੇ ਹਮਰੁਤਬਾ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਸੱਚਮੁੱਚ ਹੀ ਕਿਸਾਨਾਂ ਦੀ ਚਿੰਤਾ ਹੈ ਤਾਂ ਦੋਗਲਾਪਣ ਦਿਖਾਉਣ ਦੀ ਬਜਾਏ ਉਹ ਕਿਸਾਨਾਂ ਨਾਲ ਡਟ ਕੇ ਖੜਨ।

Related posts

Leave a Reply

Required fields are marked *