ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਫੋਟੋ ਵੋਟਰ ਸੂਚੀਆਂ-2021 ਵਿਚ ਵਿਸ਼ੇਸ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਚੰਡੀਗੜ, 13 ਨਵੰਬਰ
ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਅੱਜ ਫੋਟੋ ਵੋਟਰ ਸੂਚੀਆਂ ਵਿਚ ਵਿਸ਼ੇਸ਼ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਵੋਟਰ ਸੂਚੀ ਵਿਚ ਸੁਧਾਈ ਦੀ ਯੋਗਤਾ ਮਿਤੀ 01.01.2021 ਹੈ।
ਮੀਟਿੰਗ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਸਡਿਊਲ ਅਨੁਸਾਰ, ਵੋਟਰ ਸੂਚੀ ਦਾ ਖਰੜਾ 16.11.2020 ਤਕ ਪ੍ਰਕਾਸ਼ਤ ਕੀਤਾ ਜਾਵੇਗਾ ਅਤੇ ਸੀ.ਈ.ਓ., ਪੰਜਾਬ ਦੀ ਵੈਬਸਾਈਟ (://..). ’ਤੇ ਵੀ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਜਿਹਨਾਂ ਨੌਜਵਾਨਾਂ ਦੀ ਉਮਰ 01.01.2021 ਨੂੰ 18 ਸਾਲ ਹੋ ਜਾਂਦੀ ਹੈ, ਉਹ ਦਾਅਵੇ ਅਤੇ ਇਤਰਾਜ਼ ਫਾਰਮ 6, 6 ਏ, 7, 8 ਅਤੇ 8 ਏ ਰਾਹੀਂ ਚੋਣ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ.ਓ.) ਕੋਲ 16.11.2020 ਤੋਂ 15.12.2020 ਤਕ ਦਾਇਰ ਕਰ ਸਕਦੇ ਹਨ। ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਕੋਵਿਡ ਮਹਾਂਮਾਰੀ ਦੀ ਸਥਿਤੀ ਨੂੰ ਵੇਖਦਿਆਂ, ਨਾਗਰਿਕਾਂ ਨੂੰ ਪੋਰਟਲ ://…. ਰਾਹੀਂ ਆਨਲਾਈਨ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਹਾਲੇ ਤੱਕ ਦਰਜ ਨਾ ਹੋਏ ਯੋਗ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦਾ ਆਖਰੀ ਮੌਕਾ ਦੇਣ ਲਈ 21, 22 ਨਵੰਬਰ ਅਤੇ 5, 6 ਦਸੰਬਰ, 2020 ਨੂੰ ਸੂਬੇ ਭਰ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ.), ਟ੍ਰਾਂਸਜੈਂਡਰ, ਪ੍ਰਵਾਸੀ ਮਜ਼ਦੂਰਾਂ, ਨੌਜਵਾਨ ਵੋਟਰਾਂ (18-19 ਸਾਲ), ਐਨ.ਆਰ.ਆਈ. ਵੋਟਰਾਂ ਦੀਆਂ ਵਿਸ਼ੇਸ਼ ਸ਼੍ਰੇਣੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਮੁੱਖ ਚੋਣ ਅਧਿਕਾਰੀ ਨੇ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੀ.ਐਲ.ਏਜ਼ ਦੀ ਨਿਯੁਕਤੀ ਕਰਨ ਸਬੰਧੀ ਵਿਚਾਰ ਕਰਨ ਅਤੇ ਵਿਸ਼ੇਸ਼ ਸੁਧਾਈ ਦੀ ਮੁਹਿੰਮ ਲਈ ਬੀ.ਐਲ.ਓਜ਼ ਦੀ ਸਹਾਇਤਾ ਵਾਸਤੇ ਉਨਾਂ ਨੂੰ ਤਾਇਨਾਤ ਕਰਨ ਲਈ ਕਿਹਾ। ਬੂਥ ਲੈਵਲ ਅਧਿਕਾਰੀ (ਬੀ.ਐੱਲ.ਓਜ਼) ਸਹੂਲਤਾਂ ਮੁਹੱਈਆ ਕਰਵਾਉਣ ਹਿੱਤ ਹਰੇਕ ਬੂਥ ’ਤੇ ਮੌਜੂਦ ਰਹਿਣਗੇ। ਸ਼ਨੀਵਾਰ-ਐਤਵਾਰ 22-23 ਨਵੰਬਰ ਅਤੇ 5-6 ਦਸੰਬਰ ਨੂੰ, ਇਹ ਵਿਸ਼ੇਸ਼ ਕੈਂਪ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਜਾਣਗੇ।
ਡਾ. ਰਾਜੂ ਨੇ ਦੱਸਿਆ ਕਿ ਸੀਈਓ, ਪੰਜਾਬ ਅਤੇ ਰਾਜਨੀਤਿਕ ਪਾਰਟੀਆਂ ਦੇ ਦਫ਼ਤਰ ਇਸ ਪ੍ਰਕਿਰਿਆ ਵਿਚ ਭਾਈਵਾਲ ਹਨ ਅਤੇ ਉਨਾਂ ਦਾ ਨੇੜਿਓਂ ਸਹਿਯੋਗ ਪੰਜਾਬ ਦੀਆਂ ਚੋਣਾਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵਧੇਰੇ ਪਾਰਦਰਸ਼ੀ ਅਤੇ ਸੁਜੱਚਾ ਬਣਾਏਗਾ।
ਮੀਟਿੰਗ ਵਿਚ ਡਾ. ਰਾਜੂ ਤੋਂ ਇਲਾਵਾ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ., ਵਧੀਕ ਸੀ.ਈ.ਓ., ਪੰਜਾਬ ਅਤੇ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਜਿਵੇਂ ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਸ਼ਾਮਲ ਸਨ। ਨੁਮਾਇੰਦਿਆਂ ਨੇ ਵੋਟਰਾਂ, ਵਿਸ਼ੇਸ਼ ਤੌਰ ’ਤੇ ਨਵੇਂ ਨੌਜਵਾਨ ਅਤੇ ਐਨ.ਆਰ.ਆਈ. ਵੋਟਰਾਂ ਨੂੰ ਦਰਜ ਕਰਨ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ ਅਤੇ ਸੀ.ਈ.ਓ., ਪੰਜਾਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।