Friday , July 10 2020
Breaking News

ਮਿਸ਼ਨ ਫ਼ਤਿਹ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮਲੇਰਕੋਟਲਾ ਸ਼ਹਿਰ ਦੇ ਹਰ ਘਰ ਦਾ ਕਰਵਾਇਆ ਜਾ ਰਿਹੈ ਸਰਵੇ: ਡਿਪਟੀ ਕਮਿਸ਼ਨਰno

ਮਿਸ਼ਨ ਫ਼ਤਿਹ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮਲੇਰਕੋਟਲਾ ਸ਼ਹਿਰ ਦੇ ਹਰ ਘਰ ਦਾ ਕਰਵਾਇਆ ਜਾ ਰਿਹੈ ਸਰਵੇ: ਡਿਪਟੀ ਕਮਿਸ਼ਨਰ
ਤਿੰਨ ਇਲਾਕਿਆਂ ਨੂੰ ਕੰਨਟੇਨਮੈਂਟ ਜ਼ੋਨ ਐਲਾਨ ਕੇ ਘਰ-ਘਰ ਸਰਵੇਖਣ ਦੀ ਕੀਤੀ ਸ਼ੁਰੂਆਤ: ਰਾਮਵੀਰ
ਡੀ.ਸੀ. ਨੇ ਸਬਜੀ ਮੰਡੀ ‘ਚ ਆਉਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ ਕਰਨ ਦੀ ਵੀ ਕੀਤੀ ਹਦਾਇਤ

ਮਲੇਰਕੋਟਲਾ, ੧੮ ਜੂਨ (ਸ਼ਾਹਿਦ ਜ਼ੁਬੈਰੀ) ਮਲੇਰਕੋਟਲਾ ਬਲਾਕ ‘ਚ ਹੁਣ ਤੱਕ ਕੋਵਿਡ-੧੯ ਦੇ ੫੨ ਪਾਜ਼ਿਟਿਵ ਕੇਸ ਰਿਪੋਰਟ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਦੇ ਤਿੰਨ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਅਤੇ ਸਭ ਤੋਂ ਪਹਿਲਾਂ ੧੫ ਟੀਮਾਂ ਵੱਲੋਂ ਇਨ੍ਹਾਂ ਤਿੰਨਾਂ ਜ਼ੋਨਾਂ ਦੇ ੧੦੦ ਫ਼ੀਸਦ ਘਰਾਂ ਨੂੰ ਕਵਰ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਅਰਾਈਆਂ ਵਾਲਾ ਮੁਹੱਲਾ, ਸਰਹੰਦੀ ਗੇਟ ਤੇ ਉੱਚੀ ਮਸਜਿਦ ਦੇ ਇਲਾਕੇ ਪਹਿਲੀ ਕੰਟੇਨਮੈਂਟ ਜ਼ੋਨ ‘ਚ ਸ਼ਾਮਲ ਕੀਤੇ ਗਏ ਹਨ ਜਿਸਦੀ ਆਬਾਦੀ ੪,੫੮੪ ਹੈ ਅਤੇ ਗਰੇਵਾਲ ਚੌਕ, ਉੱਤਮ ਫੈਕਟਰੀ ਤੇ ਡਿਫੈਂਸ ਕਾਲੋਨੀ ਦੇ ਇਲਾਕੇ ਦੂਸਰੀ ਕੰਟੇਨਮੈਂਟ ਜ਼ੋਨ ‘ਚ ਰੱਖੇ ਗਏ ਹਨ ਜਿਨ੍ਹਾਂ ਦੀ ਕੁੱਲ ਆਬਾਦੀ ੨,੦੮੬ ਹੈ। ਉਨ੍ਹਾਂ ਕਿਹਾ ਕਿ ਤੀਸਰੀ ਜ਼ੋਨ ‘ਚ ਚਾਹ ਲਾਂਗਰੀ ਅਤੇ ਭੁਮਸੀ ਮੁਹੱਲੇ ਵਰਗੇ ਇਲਾਕੇ ਸ਼ਾਮਲ ਹਨ ਜਿਨ੍ਹਾਂ ਦੀ ਆਬਾਦੀ ੨,੩੩੪ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਰਵੇ ਮਿਤੀ ੧੭ ਜੂਨ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਪਹਿਲੇ ਦਿਨ ੨੫੦ ਘਰਾਂ ਦਾ ਸਰਵੇ ਪੂਰਾ ਕੀਤਾ ਗਿਆ ਜਦਕਿ ਅੱਜ ੩੦੦ ਤੋਂ ਵਧੇਰੇ ਘਰਾਂ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇਹਨਾਂ ਟੀਮਾਂ ਦੀ ਅਗਵਾਈ ਕਰਦੇ ਹੋਏ ਸ਼ਹਿਰ ‘ਚ ਕੋਵਿਡ-੧੯ ਦੇ ਲੱਛਣਾਂ ਜਿਨ੍ਹਾਂ ‘ਚ ਜ਼ੁਕਾਮ, ਖਾਂਸੀ ਅਤੇ ਬੁਖਾਰ ਸ਼ਾਮਲ ਹਨ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਉਨ੍ਹਾਂ ਦੇ ਟੈਸਟ ਕਰਵਾਏ ਜਾ ਸਕਣ।ਸ਼੍ਰੀ ਰਾਮਵੀਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬਜੀ ਮੰਡੀ ‘ਚ ਆਉਣ ਵਾਲੇ ਹਰ ਵਿਅਕਤੀ ਦੀ ਸਕਰੀਨਿੰਗ ਲਾਜ਼ਮੀ ਤੌਰ ‘ਤੇ ਕੀਤੀ ਜਾਵੇ ਅਤੇ ਕੋਵਿਡ-੧੯ ਦਾ ਕੋਈ ਵੀ ਲੱਛਣ ਪਾਏ ਜਾਣ ‘ਤੇ ਤੁਰੰਤ ਟੈਸਟਿੰਗ ਕਰਵਾਈ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦੱਸਿਆ ਕਿ ਮਲੇਰਕੋਟਲਾ ਬਲਾਕ ਦੇ ਜਿਹੜੇ ੫੨ ਪਾਜ਼ਿਟਿਵ ਕੇਸ ਰਿਪੋਰਟ ਹੋਏ ਸਨ ਉਨ੍ਹਾਂ ‘ਚ ੧੬ ਪੂਰੀ ਤਰ੍ਹਾਂ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ੪ ਮਰੀਜ਼ਾਂ ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਬਲਾਕ ‘ਚ ਅੱਜ ਸਵੇਰੇ ੧੦ ਵਜੇ ਤੱਕ ੩੨ ਐਕਟਿਵ ਕੇਸ ਸਨ। ਇਸ ਸਰਵੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਕਿਹਾ ਕਿ ਸਰਵੇ ਦੌਰਾਨ ਲੋਕਾਂ ਨੂੰ ਕੋਵਿਡ ੧੯ ਦੇ ਚਿੰਨ੍ਹ ਅਤੇ ਲੱਛਣਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਚਾਓ ਦੇ ਤਰੀਕੇ ਵੀ ਦੱਸੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ‘ਚ ਫ਼ਲੂ ਦੇ ਲੱਛਣ ਸਾਹਮਣੇ ਆਉਣ ਅਤੇ ਉਹ ਠੀਕ ਮਹਿਸੂਸ ਨਾ ਕਰਦਾ ਹੋਵੇ ਤਾਂ ਤੁਰੰਤ ਸਿਹਤ ਵਿਭਾਗ ਦੀ ਟੀਮ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਅਤੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲਣ ਮੌਕੇ ਮਾਸਕ ਪਾਉਣ ਤੇ ਇੱਕ-ਦੂਸਰੇ ਤੋਂ ਘੱਟੋ-ਘੱਟ ੬ ਫੁੱਟ ਦੀ ਦੂਰੀ ਬਣਾ ਰੱਖਣ ਦੀ ਹਦਾਇਤ ਕੀਤੀ।

About admin

Check Also

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ ਹੋਰ ਵਾਧਾ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਉਠਾਇਆ ਜਾਵੇਗਾ : ਆਸ਼ੂ

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ …

Leave a Reply

Your email address will not be published. Required fields are marked *