ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਖ਼ਰੀਦ ਸੀਜ਼ਨ ਲਈ ਨਗਦ ਕਰਜ਼ਾ ਹੱਦ ਦੀ ਸੀਮਾ ਦੂਜੀ ਵਾਰ ਨਵੰਬਰ ਦੇ ਅਖ਼ੀਰ ਤੱਕ ਵਧਾਈ
ਵੱਡੇ ਪੱਧਰ ’ਤੇ ਖ਼ਰੀਦ ਦੇ ਮੱਦੇਨਜ਼ਰ ਨਵੰਬਰ, 2020 ਦੇ ਅਖ਼ੀਰ ਤੱਕ ਮਨਜ਼ੂਰ ਕੀਤੀ ਸੀਮਾ ਵਧ ਕੇ 44,028 ਕਰੋੜ ਰੁਪਏ ਹੋਈ
ਚੰਡੀਗੜ, 13 ਨਵੰਬਰ:
ਭਾਰਤੀ ਰਿਜ਼ਰਵ ਬੈਂਕ ਨੇੇ ਅੱਜ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਿਆਦ ਦੂਜੀ ਵਾਰ ਨਵੰਬਰ ਦੇ ਅਖੀਰ ਤੱਕ ਵਧਾ ਦਿੱਤੀ ਹੈ ਜੋ ਹੁਣ ਵੱਧ ਕੇ 44,028 ਕਰੋੜ ਰੁਪਏ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਾਉਣੀ ਮੰਡੀਕਰਨ ਸੀਜ਼ਨ, 2020-21 ਦੌਰਾਨ ਝੋਨੇ ਦੀ ਖਰੀਦ ਪਿਛਲੇ ਸਾਲ ਦੇ 150.46 ਲੱਖ ਮੀਟਿ੍ਰਕ ਟਨ ਦੇ ਖਰੀਦ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ ਅੱਜ ਤੱਕ 192.72 ਤੱਕ ਪਹੁੰਚ ਚੁੱਕੀ ਹੈ ਜਿਸ ਵਿਚ 27% ਦਾ ਵਾਧਾ ਦਰਜ ਹੋਇਆ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 13 ਨਵੰਬਰ ਨੂੰ 8475.39 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2020 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਨਵੰਬਰ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 35,552.61 ਕਰੋੜ ਰੁਪਏ ਦੀ ਸੀਮਾ ਵਧ ਕੇ ਇਸ ਮਹੀਨੇ ਦੇ ਅਖ਼ੀਰ ਤੱਕ 44,028 ਕਰੋੜ ਰੁਪਏ ਹੋ ਗਈ ਹੈ।
ਸਾਉਣੀ ਮੰਡੀਕਰਨ ਸੀਜ਼ਨ-2020 ਦੀ ਮੰਡੀਕਰਨ ਸੀਜ਼ਨ ਲਈ ਨਵੇਂ ਖਾਤੇ-7 ਹੇਠ ਝੋਨੇ ਦੀ ਖ਼ਰੀਦ ਵਾਸਤੇ ਮਿਆਦ ਵਿੱਚ ਕੀਤਾ ਗਿਆ ਵਾਧਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨੇਮਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ।