ਪੰਜਾਬ ਸਰਕਾਰ ਸੂਬੇ ਦੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸ਼ੁੱਧ ਬਣਾਉਣ ਲਈ ਯਤਨਸ਼ੀਲ: ਸਾਧੂ ਸਿੰਘ ਧਰਮਸੋਤ
‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਦਿੱਤਾ
ਚੰਡੀਗੜ, 26 ਨਵੰਬਰ:
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ‘ਵਿਸ਼ਵ ਵਾਤਾਵਰਣ ਦਿਵਸ’ ਦੇ ਮੌਕੇ ਕਿਹਾ ਕਿ ਸੂਬਾ ਸਰਕਾਰ ਸੂਬਾ ਵਾਸੀਆਂ ਨੂੰ ਚੰਗਾ ਤੇ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਡੇਢ ਕਰੋੜ ਤੋਂ ਵੱਧ ਪੌਦੇ ਵੱਖ-ਵੱਖ ਮੁਹਿੰਮਾਂ ਵਿੱਚ ਲਗਵਾਏ ਜਾ ਚੁੱਕੇ ਹਨ।
ਉਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਗੁਰਪੁਰਬ ਮੌਕੇੇ ਸੂਬੇ ਦੇ ਹਰੇਕ ਪਿੰਡ ਵਿੱਚ 550 ਬੂਟੇ ਲਗਵਾਏ ਗਏ, ਜੋ ਕਿ ਤਕਰੀਬਨ 76.25 ਲੱਖ ਬਣਦੇ ਹਨ। ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਬੰਧੀ 52 ਲੱਖ ਦੇ ਕਰੀਬ ਪੌਦੇ ਲਗਵਾਏ ਜਾ ਰਹੇ ਹਨ।
ਸ. ਧਰਮਸੋਤ ਨੇ ਕਿਹਾ ਕਿ ਸਰਕਾਰ ਵੱਲੋਂ ਨਾ ਕੇਵਲ ਪੌਦੇ ਲਗਵਾਉਣ ’ਤੇ ਜ਼ੋਰ ਦਿੱਤਾ ਗਿਆ ਹੈ, ਸਗੋਂ ਕਿ ਇਨਾਂ ਪੌਦਿਆਂ ਦੀ ਸਾਂਭ-ਸੰਭਾਲ ਲਈ ਵੀ ਉਚੇਚੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਪੌਦੇ ਚੰਗੀ ਤਰਾਂ ਚੱਲ ਸਕਣ ਅਤੇ ਪੰਜਾਬ ਦੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸ਼ੁੱਧ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਣ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਬੂਟੇ ਲਗਵਾਉਣ ਦੇ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ‘ਘਰ-ਘਰ ਹਰਿਆਲੀ’ ਅਤੇ ‘ਆਈ ਹਰਿਆਲੀ’ ਮੁਹਿੰਮਾਂ ਦੌਰਾਨ ਸੂਬੇ ਦੇ ਲੋਕਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸੂਬੇ ਦਾ ਵਾਤਾਵਰਣ ਸ਼ੁੱਧ ਰੱਖਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ।