Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਵਿੱਚ ਟ੍ਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ: ਪ੍ਰਮੁੱਖ ਸਕੱਤਰ ਸਿਹਤ
Lifestyle, News

ਪੰਜਾਬ ਵਿੱਚ ਟ੍ਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ: ਪ੍ਰਮੁੱਖ ਸਕੱਤਰ ਸਿਹਤ 

ਪੰਜਾਬ ਵਿੱਚ ਟ੍ਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ: ਪ੍ਰਮੁੱਖ ਸਕੱਤਰ ਸਿਹਤ
ਚੰਡੀਗੜ, 22 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੁਮਾਰ ਰਾਹੁਲ ਵਲੋਂ ਅੱਜ ਟਰਾਂਸ-ਫੈਟ ਮੁਕਤ ਦੀਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਵਿਭਾਗ ਪੀਜੀਆਈ, ਚੰਡੀਗੜ ਵਲੋਂ ਸਕੰਲਪਿਤ ਅਤੇ ਸ਼ੁਰੂ ਕੀਤੀ ਇਸ ਮੁਹਿੰਮ ਦਾ ਉਦੇਸ਼ ਨੀਤੀ ਨਿਰਮਾਤਾਵਾਂ, ਉਤਪਾਦਕਾਂ, ਸਪਲਾਇਰਾਂ ਅਤੇ ਆਮ ਲੋਕਾਂ ਵਿੱਚ ਟ੍ਰਾਂਸ ਫੈਟਸ ਦੇ ਮਾੜੇ ਸਿਹਤ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਵੱਡੇ ਪੱਧਰ ਦੀ ਜਾਗਰੂਕਤਾ ਮੁਹਿੰਮ ਵਿਚ ਸਟਰੈਟਾਜਿਕ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਂਡ ਰਿਸਰਚ (ਸਿਫਰ) ਅਤੇ ਗਲੋਬਲ ਹੈਲਥ ਐਡਵੋਕੇਸੀ ਇਨਕੁਬੇਟਰ (ਜੀ.ਐਚ.ਏ.ਆਈ.) ਵਲੋਂ ਸਹਿਯੋਗ ਦਿੱਤਾ ਗਿਆ ਹੈ।
ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਸ੍ਰੀ ਹੁਸਨ ਲਾਲ ਨੇ ਪੀ.ਜੀ.ਆਈ., ਸਿਫਰ, ਅਤੇ ਜੀ.ਐਚ.ਏ.ਆਈ. ਦੀ “ਟ੍ਰਾਂਸ-ਫੈਟ ਮੁਕਤ ਦੀਵਾਲੀ“ ਮੁਹਿੰਮ ਦੀ ਸ਼ੁਰੂਆਤ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਜੋ ਪੰਜਾਬ ਨੂੰ ਸਿਹਤਮੰਦ ਸੂਬਾ ਬਣਨ ਲਈ ਉਤਸ਼ਾਹਤ ਕਰੇਗੀ। ਉਹਨਾਂ ਅੱਗੇ ਕਿਹਾ ਕਿ ਸਾਡੇ ਸੂਬੇ ਵਿੱਚ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਹਾਈ ਬਲੱਡ ਸ਼ੂਗਰ ਦੇ ਵੱਧ ਰਹੇ ਪ੍ਰਚਲਨ ਨੂੰ ਦੇਖਦਿਆਂ, ਲੋਕਾਂ ਦੀ ਸਿਹਤ ਉੱਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦਿਆਂ ਟ੍ਰਾਂਸ ਫੈਟੀ ਐਸਿਡ ਦੀ ਵਰਤੋਂ ਨੂੰ ਘਟਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਟਰਾਂਸ ਫੈਟ ਮੁਕਤ ਦੀਵਾਲੀ ਮੁਹਿੰਮ ਦਾ ਸਮਰਥਨ ਕਰਦਿਆਂ ਕੁਮਾਰ ਰਾਹੁਲ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਟਰਾਂਸ ਫੈਟ ਵਾਲੇ ਭੋਜਨ ਤੋਂ ਪਰਹੇਜ਼ ਕਰਦਿਆਂ ਇੱਕ ਸਿਹਤਮੰਦ ਅਤੇ ਸੁਰੱਖਿਅਤ ਦੀਵਾਲੀ ਮਨਾਉਣ। ਉਨਾਂ ਅੱਗੇ ਕਿਹਾ ਕਿ ਦੀਵਾਲੀ ਭਾਰਤ ਦਾ ਮੁੱਖ ਤਿਉਹਾਰ ਹੋਣ ਕਰਕੇ ਇਹ ਨਾ ਸਿਰਫ ਲੋਕਾਂ ਵਿੱਚ ਖੁਸ਼ਹਾਲੀ ਅਤੇ ਉਤਸ਼ਾਹ ਲਿਆਉਂਦਾ ਹੈ ਸਗੋਂ ਮਠਿਆਈਆਂ, ਫ੍ਰੋਜ਼ਨ ਡੇਜ਼ਰਟਸ ਅਤੇ ਤਲੇ ਹੋਏ ਖਾਣੇ ਦੇ ਰੂਪ ਵਿੱਚ ਟ੍ਰਾਂਸ-ਫੈਟ ਦੀ ਵਰਤੋਂ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਹਾਈਪਰਟੈਨਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਵਿੱਚ ਵਾਧਾ ਹੁੰਦਾ ਹੈ।
ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ, ਵਿਭਾਗ ਪੀਜੀਆਈ, ਚੰਡੀਗੜ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਵਿਸਥਾਰ ਨਾਲ ਦੱਸਿਆ ਕਿ ਭਾਰਤ ਵਿੱਚ ਸਾਲਾਨਾ 60,000 ਤੋਂ 75,000 ਮੌਤਾਂ ਟਰਾਂਸ-ਫੈਟ ਦੀ ਖਪਤ ਕਾਰਨ ਹੁੰਦੀਆਂ ਹਨ। ਦਿਲ ਦੀਆਂ ਬਿਮਾਰੀਆਂ ਅਤੇ ਮੋਟਾਪੇ ਦੇ ਵੱਧ ਪ੍ਰਸਾਰ ਨਾਲ ਪੰਜਾਬ, ਟ੍ਰਾਂਸ ਫੈਟੀ ਐਸਿਡ (ਟੀ.ਐੱਫ.ਏ.) ਦੀ ਉੱਚ ਪੱਧਰੀ ਵਰਤੋਂ ਕਾਰਨ ਵੱਧ ਖ਼ਤਰੇ ਵਿਚ ਹੈ। ਉਹਨਾਂ ਅੱਗੇ ਕਿਹਾ ਕਿ ਚਿੰਤਾਜਨਕ ਅੰਕੜਿਆਂ ਨੂੰ ਧਿਆਨ ਵਿਚ ਰੱਖਦਿਆਂ, ਸਾਡੀ ਸਿਹਤ ਉੱਤੇ ਟੀ.ਐੱਫ.ਏ. ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਸਬੰਧੀ ਯੋਜਨਾ ਉਲੀਕਣ ਲਈ ਅਸੀਂ ਅਧਿਕਾਰੀਆਂ ਅਤੇ ਤਕਨੀਕੀ ਮਾਹਰਾਂ ਨਾਲ ਕਈ ਸਲਾਹ-ਮਸ਼ਵਰੇ ਕੀਤੇ  ਹਨ। ਇਸ ਮੁਹਿੰਮ ਦੇ ਨਾਲ, ਅਸੀਂ ਉਦਯੋਗਿਕ ਤੌਰ ‘ਤੇ ਪੈਦਾ ਟ੍ਰਾਂਸ ਫੈਟ ਦੀ ਥਾਂ ਸਿਹਤਮੰਦ ਤਰੀਕੇ ਨਾਲ ਬਣਾਏ ਪਦਾਰਥਾਂ ਨੂੰ ਉਤਸ਼ਾਹਤ ਵੀ ਕਰਾਂਗੇ। ਉਨਾਂ ਕਿਹਾ ਕਿ ਸਿਹਤ ਵਿਭਾਗ ਅਤੇ ਪੀ.ਜੀ.ਆਈ. ਚੰਡੀਗੜ ਨੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਟ੍ਰਾਂਸ ਫੈਟ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਲੋਗਨ ਲਿਖਣ ਅਤੇ ਟਰਾਂਸ ਫੈਟ ਦੀ ਖਪਤ ਵਿਰੁੱਧ ਅਹਿਦ ਲੈਣ ਹਿੱਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੱਕ ਪਹੁੰਚ ਬਣਾਈ ਹੈ। ਇਹ ਮੁਹਿੰਮ #ਟ੍ਰਾਂਸਫੈਟਫ੍ਰੀਡਿਵਾਲੀ, #ਟ੍ਰਾਂਸਫੈਟਫ੍ਰੀਪੰਜਾਬ ਅਤੇ #ਹੈਪੀਦਿਵਾਲੀਹੈਲਥੀਦਿਵਾਲੀ ਵਾਲੇ ਟੈਗਾਂ ਨਾਲ ਪੀਜੀਆਈ ਦੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਵੀ ਚਲਾਈ ਜਾਵੇਗੀ। ਦੁਨੀਆ ਭਰ ਦੇ ਸਰੋਤਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਪਰਕ ਬਣਾਉਣ ਲਈ ਵੱਖ-ਵੱਖ ਚੁਣੌਤੀਆਂ ਅਤੇ ਪ੍ਰਤੀਯੋਗਤਾਵਾਂ ਨੂੰ ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਜਾਵੇਗਾ।
ਸਿਫਰ ਦੇ ਪ੍ਰਧਾਨ ਡਾ. ਰਾਕੇਸ਼ ਗੁਪਤਾ ਨੇ ਕਿਹਾ ਜੇਕਰ ਉਦਯੋਗਿਕ ਤੌਰ ‘ਤੇ ਪੈਦਾ ਕੀਤੇ ਟ੍ਰਾਂਸ ਫੈਟ ਨੂੰ ਭੋਜਨ ਤੋਂ ਵੱਖ ਨਹੀਂ ਕੀਤਾ ਗਿਆ ਤਾਂ ਲੱਖਾਂ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਣਗੇ ਜਾਂ ਆਪਣੀ ਜਾਨ ਗੁਆ ਲੈਣਗੇ। ਸਿਫਰ ਅਤੇ ਜੀ.ਐਚ.ਏ.ਆਈ. ਨੂੰ ਇਸ ਮਹੱਤਵਪੂਰਨ ਮੁੱਦੇ ‘ਤੇ ਜਾਗਰੂਕਤਾ ਪੈਦਾ ਕਰਨ ਲਈ ਪੀਜੀਆਈ ਚੰਡੀਗੜ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਜੀ.ਐਚ.ਏ.ਆਈ ਦੇ ਕੰਟਰੀ ਕੋਆਰਡੀਨੇਟਰ ਡਾ. ਓਮ ਪ੍ਰਕਾਸ਼ ਬੇਰਾ ਨੇ ਕਿਹਾ ਕਿ ਵੱਡੇ ਪੱਧਰ ‘ਤੇ ਪਸਾਰ ਲਈ ਪੀਜੀਆਈ ਨੇ ਟ੍ਰਾਈ ਸ਼ਹਿਰ ਵਿੱਚ ਜਾਗਰੂਕਤਾ ਵਾਲੇ ਸੁਨੇਹਾ ਪ੍ਰਸਾਰਿਤ ਕਰਨ ਲਈ ਰੇਡੀਓ ਮਿਰਚੀ ਨਾਲ ਭਾਈਵਾਲੀ ਕੀਤੀ ਹੈ। ਇਸ ਨਾਲ ਸਬੰਧਤ ਵਿਸ਼ੇ ‘ਤੇ ਸਬੂਤ-ਅਧਾਰਤ ਜਾਗਰੂਕਤਾ ਸਮੱਗਰੀ ਜਿਵੇਂ ਪੋਸਟਰ, ਪੈਂਫਲਿਟ, ਬਰੌਸ਼ਰ ਅਤੇ ਕਿਤਾਬਚੇ ਤਿੰਨ ਭਾਸ਼ਾਵਾਂ- ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਤਿਆਰ ਕੀਤੇ ਜਾਣਗੇ ਅਤੇ ਇਹਨਾਂ ਨੂੰ ਵੱਖ-ਵੱਖ ਵਿਦਿਅਕ ਅਤੇ ਪੇਸ਼ੇਵਰ ਸੰਸਥਾਵਾਂ ਦੇ ਨਾਲ ਨਾਲ ਜਨਤਕ ਅਤੇ ਨਿੱਜੀ ਦਫਤਰਾਂ ਆਦਿ ਵਿੱਚ ਵੰਡਿਆ ਜਾਵੇਗਾ। ਇਨਾਂ ਸੰਸਥਾਵਾਂ ਦੀਆਂ ਵੈਬਸਾਈਟਾਂ ‘ਤੇ ਪੋਸਟਰ/ਬੈਨਰ ਆਦਿ ਪ੍ਰਦਰਸ਼ਤ ਕੀਤੇ ਜਾਣਗੇ।

Related posts

Lifestyle, News

ਮਾਲ ਗੱਡੀਆਂ ਚਲਾਉਣ ਦੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ; ਕਿਹਾ, ਜਲਦੀ ਹੱਲ ਲਈ ਆਸਵੰਦ ਕਿਹਾ, ਪੰਜਾਬ ਵਿੱਚ ਅਮਨ ਤੇ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ, ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਕਿਸਾਨਾਂ ਵੱਲੋਂ ਖਾਲੀ ਕੀਤੇ ਗਏ 

Leave a Reply

Required fields are marked *