Subscribe Now

* You will receive the latest news and updates on your favorite celebrities!

Trending News

Blog Post

ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਦਾ ਰੋਹ ਭੜਕਾਉਣਾ ਬੰਦ ਕਰੋ: ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਨੂੰ ਕਿਹਾ  ਮਾਲ ਗੱਡੀਆਂ ਨੂੰ ਮੁਸਾਫਰ ਗੱਡੀਆਂ ਨਾਲ ਜੋੜਨ ਵਾਲੇ ਰੇਲਵੇ ਦੇ ਫੈਸਲੇ ਨੂੰ ਅਣਉੱਚਿਤ ਤੇ ਤਰਕਹੀਣ ਦੱਸਿਆ
Lifestyle, News

ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਦਾ ਰੋਹ ਭੜਕਾਉਣਾ ਬੰਦ ਕਰੋ: ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਨੂੰ ਕਿਹਾ ਮਾਲ ਗੱਡੀਆਂ ਨੂੰ ਮੁਸਾਫਰ ਗੱਡੀਆਂ ਨਾਲ ਜੋੜਨ ਵਾਲੇ ਰੇਲਵੇ ਦੇ ਫੈਸਲੇ ਨੂੰ ਅਣਉੱਚਿਤ ਤੇ ਤਰਕਹੀਣ ਦੱਸਿਆ 

ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਦਾ ਰੋਹ ਭੜਕਾਉਣਾ ਬੰਦ ਕਰੋ: ਕੈਪਟਨ ਅਮਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਨੂੰ ਕਿਹਾ

ਮਾਲ ਗੱਡੀਆਂ ਨੂੰ ਮੁਸਾਫਰ ਗੱਡੀਆਂ ਨਾਲ ਜੋੜਨ ਵਾਲੇ ਰੇਲਵੇ ਦੇ ਫੈਸਲੇ ਨੂੰ ਅਣਉੱਚਿਤ ਤੇ ਤਰਕਹੀਣ ਦੱਸਿਆ

ਚੰਡੀਗੜ, 9 ਨਵੰਬਰ

ਸੂਬੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫਰ ਗੱਡੀਆਂ ਨਾਲ ਜੋੜਨ ਵਾਲੇ ਰੇਲਵੇ ਦੇ ਫੈਸਲੇ ਨੂੰ ਪੂਰਨ ਤੌਰ ’ਤੇ ਅਣਉੱਚਿਤ ਤੇ ਤਰਕਹੀਣ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਰੇਲਵੇ ਦੇ ਇਸ ਫੈਸਲੇ ਦੀ ਪ੍ਰੋੜਤਾ ਕਰਕੇ ਕਿਸਾਨਾਂ ਦੇ ਰੋਹ ਨੂੰ ਹੋਰ ਭੜਕਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਨਾਗਰਿਕਾਂ ਪ੍ਰਤੀ ਭਾਜਪਾ ਨਾਲੋਂ ਵੱਧ ਸੰਜੀਦਗੀ ਦਿਖਾਈ ਹੈ।

ਭਾਜਪਾ ਸੂਬਾਈ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਦੀ ਬਾਂਹ ਮਰੋੜਨ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਲੀਡਰਸ਼ਿਪ ਹੀ ਹੈ ਜਿਹੜੀ ਇਸ ਮਾਮਲੇ ਉਤੇ ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਨੂੰ ਭੜਕਾ ਰਹੀ ਹੈ। ਉਨਾਂ ਕਿਹਾ ਕਿ ਰੇਲਵੇ ਨੂੰ ਸਵਾਲ ਕਰਨ ਅਤੇ ਕੇਂਦਰ ਤੋਂ ਮਾਲ ਗੱਡੀਆਂ ਚਲਾਉਣ ਦੀ ਮੰਗ ਲਈ ਸੂਬਾ ਸਰਕਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਬਜਾਏ ਭਾਜਪਾ ਆਗੂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਦੇ ਭਲੇ ਦੀ ਕੀਮਤ ’ਤੇ ਨਿਰੰਤਰ ਗੰਦੀ ਰਾਜਨੀਤੀ ਕਰ ਰਹੇ ਹਨ। ਉਨਾਂ ਕਿਹਾ, ‘‘ਸਭ ਤੋਂ ਮਾੜੀ ਗੱਲ ਇਹ ਹੈ ਕਿ ਭਾਜਪਾ ਨੂੰ ਲੱਦਾਖ ਅਤੇ ਕਸ਼ਮੀਰ ਵਿਖੇ ਤਾਇਨਾਤ ਸਾਡੇ ਸੈਨਿਕਾਂ ਬਾਰੇ ਵੀ ਚਿੰਤਾ ਨਹੀਂ ਹੈ ਜਿਹੜੇ ਬਰਫਬਾਰੀ ਦੇ ਸੀਜ਼ਨ ਤੋਂ ਪਹਿਲਾਂ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਰਦੀ ਦੇ ਮਹੀਨਿਆਂ ਦੌਰਾਨ ਉਹ ਦੇਸ਼ ਦੇ ਬਾਕੀ ਹਿੱਸਿਆਂ ਨਾਲ ਟੁੱਟੇ ਹੋਏ ਹਨ।’’

ਸ਼ਰਮਾ ਵੱਲੋਂ ਲਾਏ ਦੋਸ਼ਾਂ, ਕਿ ਸੂਬਾ ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਰੇਲ ਸੇਵਾਵਾਂ ਰੋਕਣ ਤੋਂ ਹਟਾਉਣ ਵਿੱਚ ਅਸਫਲ ਰਹੀ, ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਉਨਾਂ ਦੀ ਹੀ ਸਰਕਾਰ ਹੈ ਜਿਸ ਨੇ ਜ਼ਰੂਰੀ ਸਪਲਾਈ ਨੂੰ ਲਿਜਾਣ ਲਈ ਕਿਸਾਨਾਂ ਨੂੰ ਰੋਕਾਂ ਹਟਾਉਣ ਲਈ ਮਨਾਇਆ ਹੈ। ਇਥੋਂ ਤੱਕ ਕਿ ਉਨਾਂ ਦੇ ਕਈ ਮੰਤਰੀ ਕਿਸਾਨ ਯੂਨੀਅਨਾਂ ਨੂੰ ਪੂਰਨ ਨਾਕਾਬੰਦੀ ਹਟਾਉਣ ਲਈ ਮਨਾਉਣ ਵਿੱਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਇਹ ਕਰਨਾ ਉਨਾਂ ਦੀ ਸਰਕਾਰ ਦੇ ਹਿੱਤ ਵਿੱਚ ਹੈ ਕਿਉਕਿ ਉਹ ਸੂਬੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਯਾਤਰੀ ਗੱਡੀਆਂ ਨਾਲ ਜੋੜਨਾ ਬਿਲਕੁਲ ਤਰਕ ਨਹੀਂ ਰੱਖਦਾ ਜਿਸ ਬਾਰੇ ਕਿ ਰੇਲਵੇ ਵੱਲੋਂ ਮਾਲ ਗੱਡੀਆਂ ਦੀ ਸੇਵਾਵਾਂ ਨਿਰੰਤਰ ਬੰਦ ਰੱਖਣ ਦਾ ਬਹਾਨਾ ਘੜਿਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਆਉਣ ਵਾਲੇ ਮੁਸਾਫਰ ਅਸਾਨੀ ਨਾਲ ਸੂਬੇ ਦੇ ਨੇੜਲੇ ਸਟੇਸ਼ਨਾਂ ਜਿਵੇਂ ਕਿ ਚੰਡੀਗੜ ਅਤੇ ਹਰਿਆਣਾ ਵਿੱਚ ਅੰਬਾਲਾ ਵਿਖੇ ਆ ਸਕਦੇ ਹਨ ਜਿੱਥੋਂ ਉਹ ਸੜਕ ਰਸਤੇ ਰਾਹੀਂ ਆਪਣੇ ਪਹੁੰਚ ਸਥਾਨਾਂ ’ਤੇ ਸੁਖਾਲਿਆ ਜਾ ਸਕਦੇ ਹਨ ਜਿੱਥੋਂ ਕੁਝ ਘੰਟਿਆਂ ਦਾ ਹੀ ਰਸਤਾ ਬਣਦਾ ਹੈ। ਉਨਾਂ ਕਿਹਾ ਕਿ ਇਹ ਮਾਲ ਗੱਡੀਆਂ ਦੀ ਆਵਾਜਾਈ ਲਈ ਬਦਲ ਨਹੀਂ ਹੈ। ਉਨਾਂ ਕਿਹਾ ਕਿ ਜੇ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਇਸੇ ਤਰੀਕੇ ਨਾਲ ਜ਼ਰੂਰੀ ਵਸਤਾਂ ਤੋਂ ਵਾਂਝਿਆ ਰੱਖਿਆ ਗਿਆ ਤਾਂ ਸਥਿਤੀ ਗੰਭੀਰ ਬਣ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਦਾ ਅੜੀਅਲ ਵਤੀਰਾ, ਜਿਸ ਨੂੰ ਭਾਜਪਾ ਵੀ ਧੜੱਲੇ ਨਾਲ ਥਾਪੜਾ ਦੇ ਰਹੀ ਹੈ, ਮਾਲ ਗੱਡੀਆਂ ਦੇ ਮੁੱਦੇ ਦੀ ਪੇਚੀਦਗੀ ਨੂੰ ਸੁਲਝਾਉਣ ਵਿੱਚ ਇਰਾਦੇ ਦੀ ਘਾਟ ਦਰਸਾਉਂਦਾ ਹੈ। ਉਨਾਂ ਕਿਹਾ,‘‘ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਖਾਲੀ ਕਰਨ ਅਤੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਮਾਲ ਗੱਡੀਆਂ ਦੀ ਸੁਰੱਖਿਆ ਲਈ ਨਿੱਜੀ ਤੌਰ ’ਤੇ ਗਾਰੰਟੀ ਦੇਣ ਅਤੇ ਇੱਥੋਂ ਤੱਕ ਕਿ ਜੀ.ਆਰ.ਪੀ. ਰੇਲਵੇ ਦੀ ਸੁਰੱਖਿਆ ਲਈ ਹੋਣ ਦੇ ਬਾਵਜੂਦ ਰੇਲਵੇ ਵੱਲੋਂ ਪੰਜਾਬ ਵਿੱਚ ਰੇਲ ਸੇਵਾਵਾਂ ਮੁਅੱਤਲ ਕਰਨ ਲਈ ਇਕ ਤੋਂ ਇਕ ਬਹਾਨਾ ਕਿਉਂ ਘੜਿਆ ਜਾ ਰਿਹਾ ਹੈ? ਉਨਾਂ ਕਿਹਾ,‘‘ਭਾਰਤੀ ਜਨਤਾ ਪਾਰਟੀ ਨੇ ਰੇਲਵੇ ਦੇ ਇਸ ਅਣਉਚਿਤ ਫੈਸਲੇ ਦਾ ਸਮਰਥਨ ਕਿਉਂ ਕੀਤਾ ਅਤੇ ਸਮੁੱਚੇ ਮਾਮਲੇ ’ਤੇ ਝੂਠ ਕਿਉਂ ਫੈਲਾ ਰਹੀ ਹੈ?’’

ਸ੍ਰੀ ਸ਼ਰਮਾ ਵੱਲੋਂ ਕੀਤੀ ਟਿੱਪਣੀ ਕਿ ਸੂਬਾ ਸਰਕਾਰ ‘‘ਦਾਅਵਾ ਕਰ ਰਹੀ ਹੈ ਕਿ ਕੋਲੇ ਵਰਗੀਆਂ ਵਸਤਾਂ ਦੀ ਸਪਲਾਈ ਨਾ ਹੋਣ ਕਾਰਨ ਪੰਜਾਬ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ’’, ਉਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ‘ਦਾਅਵਾ’ ਦੱਸ ਕੇ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਜ਼ਮੀਨ ਸਥਿਤੀ ਬਾਰੇ ਪੂਰਨ ਤੌਰ ’ਤੇ ਆਗਿਆਨਤਾ ਹੋਣ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਨੇ ਇਸ ਤੱਥ ’ਤੇ ਹੈਰਾਨੀ ਜ਼ਾਹਰ ਕੀਤੀ ਕਿ ਭਾਜਪਾ ਨੇਤਾ ਨੂੰ ਇਹ ਨਹੀਂ ਦਿਸਦਾ ਕਿ ਰੇਲ ਗੱਡੀਆਂ ਦੀ ਮੁਅੱਤਲੀ ਨਾਲ ਪੰਜਾਬ ਵਿੱਚ ਹਾਲਤ ਕਿਹੋ ਜਿਹੀ ਬਣੀ ਹੋਈ ਹੈ ਜਦਕਿ ਸਮੁੱਚਾ ਮੁਲਕ ਇਸ ਨੂੰ ਦੇਖ ਸਕਦਾ ਹੈ।

ਸ਼ਰਮਾ ਵੱਲੋਂ ਕੀਤੀ ਟਿੱਪਣੀ ਕਿ ਸੂਬਾ ਸਰਕਾਰ ਮੁਸਾਫਰ ਰੇਲਾਂ ਦੀ ਸੁਰੱਖਿਆ ਯਕੀਨੀ ਕਿਉਂ ਨਹੀਂ ਬਣਾ ਸਕਦੀ ਤਾਂ ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਨੇਤਾ ਨੂੰ ਜਾਂ ਤਾਂ ਸਮੱਸਿਆ ਦੀ ਗੰਭੀਰਤਾ ਦਾ ਪਤਾ ਨਹੀਂ ਅਤੇ ਜਾਂ ਫੇਰ ਜਾਣ-ਬੁੱਝ ਕੇ ਇਸ ਤੋਂ ਅੱਖਾਂ ਮੀਚੀਆਂ ਹੋਈਆਂ ਹਨ। ਉਨਾਂ ਕਿਹਾ ,‘‘ਸਭ ਤੋਂ ਪਹਿਲਾਂ ਤਾਂ ਰੇਲਵੇ ਦੀ ਸੁਰੱਖਿਆ ਸੂਬੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਦੂਜਾ, ਕਿਸਾਨਾਂ ਨੇ ਮੁਸਾਫਰ ਰੇਲਾਂ ਚਲਾਉਣ ਦੀ ਆਗਿਆ ਦੇਣ ਵਿੱਚ ਅਜੇ ਤੱਕ ਸਹਿਮਤੀ ਨਹੀਂ ਦਿੱਤੀ।’’ ਉਨਾਂ ਕਿਹਾ ਕਿ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਜ਼ਨਰ ਸਥਿਤੀ ਨਾਜ਼ੁਕ ਹੈ ਅਤੇ ਇਸ ਨੂੰ ਧਿਆਨ ਨਾਲ ਨਿਪਟਣ ਦੀ ਲੋੜ ਹੈ ਜੋ ਉਨਾਂ ਦੀ ਸਰਕਾਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ’ਤੇ ਕਾਰਵਾਈ ਕਰਨ ਲਈ ਸੂਬਾ ਸਰਕਾਰ ਨੂੰ ਉਕਸਾਉਣ ਦੀ ਬਜਾਏ ਸ਼ਰਮਾ ਨੂੰ ਆਮ ਆਦਮੀ, ਕਾਰੋਬਾਰੀਆਂ, ਵਪਾਰੀਆਂ, ਕਿਸਾਨਾਂ ਅਤੇ ਉਦਯੋਗ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ ਕਿਉਂ ਜੋ ਉਹ ਇਨਾਂ ਭਾਈਚਾਰਿਆਂ ਦੀ ਭਲਾਈ ਪ੍ਰਤੀ ਚਿੰਤਤ ਹੋਣ ਦਾ ਦਾਅਵਾ ਵੀ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਅਦਾਲਤਾਂ ਵੀ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਲੋਕ ਹਿੱਤ ਵਿੱਚ ਸੰਕਟ ਸੁਲਝਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਕਹਿ ਚੁੱਕੀਆਂ ਹਨ। ਉਨਾਂ ਨੇ ਭਾਜਪਾ ਲੀਡਰਸ਼ਿਪ ਨੂੰ ਸਥਿਤੀ  ਸੁਖਾਵੀਂ ਬਣਾਉਣ ਲਈ ਸਿਆਸਤ ਤੋਂ ਉਪਰ ਉੱਠ ਕੇ ਉਨਾਂ ਦੀ ਸਰਕਾਰ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

——-

Related posts

Leave a Reply

Required fields are marked *