ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ 2022: ਹਰੇਕ 50 ਘਰਾਂ ਪਿੱਛੇ ਇੱਕ ਚੋਣ ਮਿੱਤਰ ਵੋਟਰਾਂ ਨੂੰ ਕਰਨਗੇ ਜਾਗਰੂਕ
ਮੁੱਖ ਚੋਣ ਅਫ਼ਸਰ ਵੱਲੋਂ ਡੀ.ਈ.ਓਜ਼ ਨੂੰ ਆਪਣੇ ਸਬੰਧਤ ਜ਼ਿਲਿਆਂ ਵਿੱਚ ਵੱਧ ਤੋਂ ਵੱਧ ਚੋਣ ਮਿੱਤਰ ਨਿਯੁਕਤ ਕਰਨ ਦੇ ਨਿਰਦੇਸ਼
ਹਰੇਕ ਜ਼ਿਲੇ ਵਿੱਚ ਤਿੰਨ ਸਰਬੋਤਮ ਚੋਣ ਮਿੱਤਰਾਂ ਨੂੰ ਮਿਲੇਗਾ ਨਕਦ ਇਨਾਮ
ਚੰਡੀਗੜ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਮੁੱਖ ਚੋਣ ਅਫਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਡਿਪਟੀ ਕਮਿਸਨਰਾਂ-ਕਮ-ਜ਼ਿਲਾ ਚੋਣ ਅਫਸਰਾਂ (ਡੀ.ਈ.ਓਜ) ਨੂੰ ਵੋਟਰਾਂ ਦੀ ਸਹੂਲਤ ਲਈ ਸਬੰਧਤ ਜ਼ਿਲਿਆਂ ਵਿੱਚ ਆਪਣੇ ਪੱਧਰ ’ਤੇ ’ਚੋਣ ਮਿੱਤਰ’ ਨਿਯੁਕਤ ਕਰਨ ਦੇ ਨਿਰਦੇਸ ਦਿੱਤੇ ਹਨ।
ਸੀਈਓ ਪੰਜਾਬ ਨੇ ਸਾਰੇ ਡੀਈਓਜ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਚੋਣ ਮਿੱਤਰ, ਜੋ ਕਿ ਬੂਥ ਲੈਵਲ ਅਫਸਰ (ਬੀਐਲਓ) ਦੇ ਸਹਾਇਕ ਵਜੋਂ ਕੰਮ ਕਰੇਗਾ, ਕੋਲ ਘੱਟੋ-ਘੱਟ 50 ਘਰਾਂ ਦੀ ਜ਼ਿੰਮੇਵਾਰੀ ਹੋਵੇਗੀ। ਚੋਣ ਮਿੱਤਰ ਇਹ ਯਕੀਨੀ ਬਣਾਉਣਗੇ ਕਿ ਮਨੋਨੀਤ ਘਰਾਂ ਦਾ ਹਰੇਕ ਯੋਗ ਮੈਂਬਰ ਵੋਟਰ ਵਜੋਂ ਰਜਿਸਟਰਡ ਹੋਵੇ ਅਤੇ ਇਹ ਵੀ ਯਕੀਨੀ ਬਣਾਏਗਾ ਕਿ ਉਹ ਆਪਣੀ ਵੋਟ ਦੀ ਵਰਤੋਂ ਕਰਨ।
ਡਾ. ਰਾਜੂ ਨੇ ਕਿਹਾ “ਇਸ ਤੋਂ ਇਲਾਵਾ ਚੋਣ ਮਿਤਰ ਨੈਤਿਕ ਵੋਟਿੰਗ ਨੂੰ ਉਤਸਾਹਿਤ ਕਰਨਗੇ ਅਤੇ ਵੋਟਰਾਂ, ਖਾਸ ਕਰਕੇ ਬਜੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ (ਪੀਡਬਲਯੂਡੀ) ਵੋਟਰਾਂ ਦੀ ਸਹਾਇਤਾ ਕਰਨਗੇ।“ ਉਨਾਂ ਦੱਸਿਆ ਕਿ ਚੋਣ ਮਿੱਤਰਾਂ ਨੂੰ ਵਿਸ਼ੇਸ਼ ਕੈਪ ਅਤੇ ਆਈਡੀ ਕਾਰਡ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਕਾਰਗੁਜਾਰੀ ਦੇ ਆਧਾਰ ’ਤੇ ਜ਼ਿਲਾ ਪੱਧਰ ’ਤੇ ਸਰਬੋਤਮ ਤਿੰਨ ਚੋਣ ਮਿੱਤਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਕ੍ਰਮਵਾਰ 10,000, 7,500 ਅਤੇ 5,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਸ ਦੌਰਾਨ, ਸਿਸਟਮੈਟਿਕ ਵੋਟਰਜ ਐਜੂਕੇਸਨ ਐਂਡ ਇਲੈਕਟੋਰਲ ਪਾਰਟੀਸੀਪੇਸਨ (ਸਵੀਪ) ਪ੍ਰੋਗਰਾਮ ਤਹਿਤ ਜ਼ਿਲਾ ਪੱਧਰ ’ਤੇ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਜਾ ਸਕੇ। ਗਤੀਵਿਧੀਆਂ ਵਿੱਚ ਗੁਰਦੁਆਰਿਆਂ ਰਾਹੀਂ ਡਿਪਟੀ ਕਮਿਸ਼ਨਰ ਦਾ ਸੁਨੇਹਾ, ਪਿੰਡਾਂ ਅਤੇ ਪੋਲਿੰਗ ਸਟੇਸਨਾਂ ਦੇ ਖੇਤਰਾਂ ਵਿੱਚ ਟਰੈਕਟਰ ਰੈਲੀਆਂ, ਵਿਦਿਆਰਥੀ ਰੈਲੀਆਂ, ਹਿਊਮਨ ਚੇਨਜ਼, ਐਨ.ਐਸ.ਐਸ/ਐਨ.ਸੀ.ਸੀ/ਐਨ.ਜੀ.ਓਜ਼/ਹੋਰ ਵਲੰਟੀਅਰਾਂ ਦੁਆਰਾ ਨੁੱਕੜ ਨਾਟਕ ਜਾਂ ਸਟਰੀਟ ਸਕਿਟਸ, ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਜਾਗਰੂਕਤਾ ਗਤੀਵਿਧੀਆਂ, ਪ੍ਰਮੁੱਖ ਸ਼ਖ਼ਸੀਅਤਾਂ ਦੀ ਸਹਾਇਤਾ ਲੈਣਾ ਅਤੇ ਬੂਥ ਚੋਣ ਸਖਰਤਾ ਆਦਿ ਸ਼ਾਮਲ ਹਨ।