ਪੰਜਾਬ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਮਹਾਂਮਾਰੀ ਦੌਰਾਨ ਮੈਡੀਕਲ ਕੇਅਰ ਢਾਂਚੇ ਦਾ ਕੀਤਾ ਨਵੀਨੀਕਰਣ
ਚੰਡੀਗੜ, 29 ਦਸੰਬਰ:
ਪੰਜਾਬ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਕੋਵਿਡ -19 ਵਿਰੁੱਧ ਲੜਾਈ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਾਨਦਾਰ ਕੰਮ ਕੀਤਾ ਗਿਆ। ਪਟਿਆਲਾ, ਅੰਮਿ੍ਰਤਸਰ ਅਤੇ ਫਰੀਦਕੋਟ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ 1494 ਆਈਸੋਲੇਸ਼ਨ ਬੈੱਡ ਅਤੇ 374 ਆਈਸੀਯੂ + ਡੀਐਚਯੂ ਬੈੱਡਾਂ ਸਮੇਤ 3711 ਬੈੱਡ ਪ੍ਰਦਾਨ ਕਰਕੇ ਤਿਆਰੀਆਂ ਵਿਚ ਮੋਹਰੀ ਰਹੇ ਜਿਹਨਾਂ ਦੀ ਗਿਣਤੀ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। 10,000 ਤੋਂ ਵੱਧ ਕੋਵਿਡ-19 ਪਾਜੇਟਿਵ ਮਰੀਜ ਆਈਸੋਲੇਸ਼ਨ ਵਾਰਡਾਂ ਵਿਚ ਦਾਖ਼ਲ ਹੋਏ ਅਤੇ 8500 ਤੋਂ ਵੱਧ ਮਰੀਜ਼ ਠੀਕ ਹੋ ਗਏ ਅਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ ਸੋਨੀ ਨੇ ਦੱਸਿਆ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੋਵਿਡ-19 ਪਾਜੇਟਿਵ ਮਰੀਜਾਂ ਲਈ ਸਮਰਪਿਤ ਲੇਬਰ ਰੂਮ ਅਤੇ ਆਈਸੋਲੇਸ਼ਨ ਵਾਰਡ ਸਥਾਪਿਤ ਕੀਤੇ ਗਏ ਹਨ। ਵਿਭਾਗ ਨੇ ਕੋਵਿਡ-19 ਸਥਿਤੀ ਦੇ ਪ੍ਰਬੰਧਨ ਲਈ ਉਪਲਬਧ ਸਹੂਲਤਾਂ ਦੀ ਪਛਾਣ ਕਰਨ ਅਤੇ ਲੋੜ ਪੈਣ ‘ਤੇ ਉਨਾਂ ਨੂੰ ਵਾਧੂ ਸਰੋਤ ਮੁਹੱਈਆ ਕਰਵਾਉਣ ਲਈ 76 ਮਾਪਦੰਡਾਂ ਦੇ ਪੈਮਾਨੇ ‘ਤੇ ਤਕਰੀਬਨ 250 ਨਿੱਜੀ ਹਸਪਤਾਲਾਂ ਦਾ ਵਿਆਪਕ ਸਰਵੇਖਣ ਕੀਤਾ। ਸੂਬਾ ਸਰਕਾਰ ਵਲੋਂ ਕੋਵਿਡ -19 ਮਹਾਂਮਾਰੀ ਦੇ ਪ੍ਰਬੰਧਨ ਲਈ ਸੁਪਰ ਸਪੈਸਲਿਸਟ ਤੇ ਮਾਹਰ ਡਾਕਟਰਾਂ, ਨਰਸਾਂ ਅਤੇ ਹੋਰ ਪੈਰਾਮੈਡਿਕਸ ਦੀਆਂ 1822 ਅਸਾਮੀਆਂ ਵਿਸੇਸ ਤੌਰ ‘ਤੇ ਮਨਜੂਰ ਕੀਤੀਆਂ ਗਈਆਂ। ਇਕ ਮਾਹਰ ਸਮੂਹ ਸੂਬੇ ਵਿਚ ਤੀਜੇ ਦਰਜੇ ਦੀ ਸੇਵਾਵਾਂ ਦੀ ਨਿਯਮਿਤ ਤੌਰ ‘ਤੇ ਨਿਗਰਾਨੀ ਕਰਦਾ ਹੈ। ਸੂਬੇ ਵਿੱਚ ਟੈਸਟਿੰਗ ਵਿੱਚ ਤੇਜੀ ਲਿਆਉਣ ਵਾਸਤੇ ਆਰਟੀ-ਪੀਸੀਆਰ ਟੈਸਟਿੰਗ ਲਈ ਪ੍ਰਤੀ ਦਿਨ 26500 ਟੈਸਟਾਂ ਦੀ ਸਮਰੱਥਾ ਵਾਲੀਆਂ ਸੱਤ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਹੁਣ ਤੱਕ ਕੁੱਲ 27,34,826 ਟੈਸਟ ਕੀਤੇ ਜਾ ਚੁੱਕੇ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਜੀਐਮਸੀਐਸ ਪਟਿਆਲਾ, ਅੰਮਿ੍ਰਤਸਰ ਅਤੇ ਫਰੀਦਕੋਟ ਵਿਖੇ ਤਿੰਨ ਪਲਾਜਮਾ ਬੈਂਕ ਸਥਾਪਤ ਕੀਤੇ ਗਏ ਹਨ। ਇਹਨਾਂ ਜੀ.ਐੱਮ.ਸੀ.ਐੱਸ. ਦੀ ਸਹਾਇਤਾ ਨਾਲ ਪੰਜਾਬ ਭਰ ਵਿੱਚ ਪਲਾਜਮਾ ਦੀਆਂ 158 ਯੂਨਿਟ ਇਕੱਤਰ ਕੀਤੀਆਂ ਗਈਆਂ। ਪਲਾਜਮਾ ਨਿੱਜੀ ਹਸਪਤਾਲਾਂ ਦੁਆਰਾ ਮੁਫ਼ਤ ਪ੍ਰਦਾਨ ਕੀਤਾ ਗਿਆ ਅਤੇ ਮਹਾਂਮਾਰੀ ਦੌਰਾਨ ਓਪੀਡੀਜ਼ ਕਾਰਜਸੀਲ ਰਹੀਆਂ। ਸਾਰੀਆਂ ਪ੍ਰਕਿਰਿਆਵਾਂ ਦੌਰਾਨ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸਓਪੀਜ) ਦੀ ਪਾਲਣਾ ਕੀਤੀ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ, ਪਟਿਆਲਾ ਵਿਖੇ ਸਥਿਤ ਸੁਪਰ ਸਪੈਸਲਿਟੀ ਬਲਾਕ ਨੂੰ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਧੀਨ ਗ੍ਰੀਨ ਰੇਟਿੰਗ ਇੰਟੀਗ੍ਰੇਟਿਡ ਹੈਬੀਟੈਟ ਅਸੈਸਮੈਂਟ (ਜੀਆਰਆਈਐਚਏ) ਦੁਆਰਾ ‘ਥ੍ਰੀ ਸਟਾਰ‘ ਪ੍ਰੋਵੀਜ਼ਨਲ ਵੀ3.1 ਰੇਟਿੰਗ ਦਿੱਤੀ ਗਈ ਹੈ।
————-