ਪੰਜਾਬ ਐਗਰੋ ਦਾ ਪਹਿਲਾ ਹਫਤਾਵਰੀ ਟੀ.ਵੀ ਸ਼ੋਅ ‘ਫਾਈਵ ਰਿਵਰਜ’ ਜਲੰਧਰ ਦੂਰਦਰਸ਼ਨ ‘ਤੇ ਅੱਜ ਤੋਂ ਹੋਵੇਗਾ ਪ੍ਰਸਾਰਿਤ
ਕਣਕ ਦੇ ਬੀਜਾਂ ਦੀ ਵੰਡ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਗੇ ਖੇਤੀ ਮਾਹਿਰ
ਚੰਡੀਗੜ, 6 ਨਵੰਬਰ
ਸੂਬਾ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿੱਚ ਕੀਤੇ ਗਏ ਉਪਰਾਲਿਆਂ ਬਾਰੇ ਕਿਸਾਨਾਂ ਨੂੰ ਖਾਸ ਤੌਰ ਉਤੇ ਸੋਸ਼ਲ ਮੀਡੀਆ ਰਾਹੀਂ ਜਾਗੂਰਕ ਕਰਨ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗਰੈਕਸਕੋ) ਨੇ “ਫਾਈਵ ਰਿਵਰਜ” ਦੇ ਨਾਂ ਹੇਠ ਆਪਣਾ ਯੂ ਟਿਊਬ ਚੈਨਲ ਲਾਂਚ ਕਰ ਦਿੱਤਾ ਹੈ।
ਇਸ ਹਫਤਾਵਾਰੀ ਸ਼ੋਅ ਦਾ ਪਹਿਲਾ ਪ੍ਰੋਗਰਾਮ 7 ਨਵੰਬਰ, 2020 ਨੂੰ ਸ਼ਾਮ 5.30 ਵਜੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਐਮ.ਡੀ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਹਿਲੇ ਪ੍ਰੋਗਰਾਮ ਵਿੱਚ ਪੰਜਾਬ ਵਿੱਚ ਕਣਕ ਦੇ ਬੀਜਾਂ ਦੀ ਵੰਡ ਵਿੱਚ ਪਨਸੀਡ ਦੀ ਭੂਮਿਕਾ ਬਾਰੇ ਚਰਚਾ ਕੀਤੀ ਜਾਵੇਗੀ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਹਿਰ ਡਾ. ਹਰੀ ਰਾਮ ਅਤੇ ਪਨਸੀਡ ਦੇ ਜਨਰਲ ਮੈਨੇਜਰ ਜਗਤਾਰ ਸਿੰਘ ਮੱਲੀ ਕਿਸਾਨਾਂ ਨੂੰ ਮੁਖਾਤਬ ਕਰਨਗੇ। ਉੱਘੇ ਅਦਾਕਾਰ ਅਤੇ ਸਾਬਕਾ ਏ.ਐੱਮ.ਡੀ ਮਾਰਕਫੈੱਡ ਬਾਲ ਮੁਕੰਦ ਸ਼ਰਮਾ ਇਸ ਸ਼ੋਅ ਦੇ ਨਿਰਦੇਸ਼ਕ ਅਤੇ ਮੇਜਬਾਨ ਹੋਣਗੇ।
ਉਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਫੂਡ ਪ੍ਰੋਸੈਸਿੰਗ ਦੀਆਂ ਗਤਿਵਿਧੀਆਂ ਸਮੇਤ ਪੰਜਾਬ ਐਗਰੋ, ਪੈਗਰੈਕਸਕੋ, ਪੰਜਾਬ ਐਗਰੋ ਜੂਸ ਲਿਮਟਿਡ ਅਤੇ ਪਨਸੀਡ ਵੱਲੋਂ ਚਲਾਈ ਜਾ ਰਹੀਆਂ ਸਰਗਰਮੀਆਂ ਦੀਆਂ ਵੀਡੀਓਜ ਵੀ ਦਿਖਾਈਆਂ ਜਾਣਗੀਆਂ।
ਉਨਾਂ ਅੱਗੇ ਦੱਸਿਆ ਕਿ ਹਰੇਕ ਹਫਤੇ ਸ਼ਨੀਵਾਰ 5.30 ਵਜੇ ਇਹ ਪ੍ਰੋਗਰਾਮ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਿਤ ਹੋਇਆ ਕਰੇਗਾ ।
ਐਮ.ਡੀ. ਨੇ ਇਹ ਵੀ ਦੱਸਿਆ ਕਿ ਚੇਅਰਮੈਨ ਪੈਗਰੈਸਕੋ ਰਵਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਦੂਰਦਰਸ਼ਨ ਅਤੇ ਰੇਡੀਓ ਨਾਲ ਤਾਲਮੇਲ ਕਰਕੇ ਕਿਸਾਨਾਂ ਤਕ ਅਦਾਰੇ ਦੀ ਪਹੁੰਚ ਵਧਾਈ ਜਾਵੇ ਜਿਸ ਤਹਿਤ ਯੂ.ਟਿਊਬ ਚੈਨਲ ਦੀ ਸ਼ੁਰੂਆਤ ਕੀਤੀ ਗਈ ਹੈ।
———-