ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮਾਂ ਕਰਵਾਏ
ਚੰਡੀਗੜ, 23 ਨਵੰਬਰ:
ਪੰਜਾਬ ਸਰਕਾਰ ਦੇ ਮਾਂ ਲਕਸ਼ਮੀ ਦਿਵਾਲੀ ਪੂਜਾ ਬੰਪਰ-2020 ਦੇ ਪਹਿਲੇ ਇਨਾਮ ਦੇ ਇਕ ਜੇਤੂ ਵੱਲੋਂ ਅੱਜ ਇਨਾਮੀ ਰਾਸ਼ੀ ਪ੍ਰਾਪਤ ਕਰਨ ਲਈ ਦਸਤਾਵੇਜ਼ ਜਮਾਂ ਕਰਵਾ ਦਿੱਤੇ ਗਏ ਹਨ।
ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਦਿਵਾਲੀ ਬੰਪਰ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ ਨੂੰ ਦਿੱਤਾ ਜਾਣਾ ਸੀ। ਯਾਨੀ ਕਿ ਡੇਢ-ਡੇਢ ਕਰੋੜ ਰੁਪਏ ਦੇ ਦੋ ਜੇਤੂ 18 ਨਵੰਬਰ ਨੂੰ ਕੱਢੇ ਗਏ ਡਰਾਅ ਵਿਚ ਐਲਾਨੇ ਗਏ ਸਨ। ਇਨਾਂ ਵਿਚੋਂ ਟਿਕਟ ਏ-844290 ਦੇ ਜੇਤੂ ਵਰਿੰਦਰ ਪਾਲ ਨੇ ਆਪਣੀ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਅੱਜ ਲਾਟਰੀ ਵਿਭਾਗ ਕੋਲ ਜਮਾਂ ਕਰਵਾ ਦਿੱਤੇ ਹਨ। ਵਰਿੰਦਰ ਸੁਨਾਮ ਸ਼ਹਿਰ (ਜ਼ਿਲਾ ਸੰਗਰੂਰ) ਦਾ ਰਹਿਣ ਵਾਲਾ ਹੈ।
ਬੁਲਾਰੇ ਅਨੁਸਾਰ ਜਲਦ ਹੀ ਲਾਟਰੀ ਇਨਾਮ ਦਾ ਪੈਸਾ ਜੇਤੂ ਦੇ ਖਾਤੇ ਵਿਚ ਪਾ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਬੰਪਰ ਲਾਟਰੀਆਂ ਦੇ ਪਹਿਲੇ ਇਨਾਮਾਂ ਦਾ ਐਲਾਨ ਵਿਕੀਆਂ ਟਿਕਟਾਂ ਵਿਚੋਂ ਹੀ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜਿੱਥੇ ਹਰ ਬੰਪਰ ਤੋਂ ਬਾਅਦ ਕੋਈ ਨਾ ਕੋਈ ਵਿਅਕਤੀ ਕਰੋੜਪਤੀ ਬਣਦਾ ਹੈ।