ਗਿਰਵੀ ਰੱਖੇ ਗਹਿਣੇ ਬਦਲ ਕੇ ਨਾਮੀ ਕੰਪਨੀ ਨੂੰ ਲਾਇਅਾ ਲੱਖਾਂ ਦਾ ਚੂਨਾ
– ਬੈੰਕ ਦੇ ਪ੍ਰਬੰਧਕ ਸਣੇ 3 ਮੁਲਾਜ਼ਮਾ ਖਿਲਾਫ਼ ਪਰਚਾ ਦਰਜ –
Ravi Azad
ਭਵਾਨੀਗੜ੍ਹ, 5 ਨਵੰਬਰ : ਸੋਨੇ ਦੇ ਅਸਲੀ ਗਹਿਣਿਆਂ ਦੀ ਥਾਂ ਨਕਲੀ ਰੱਖ ਕੇ ਇੱਕ ਕੰਪਨੀ ਨੂੰ 25 ਲੱਖ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਹੇਠ ਪੁਲਸ ਨੇ ਕੰਪਨੀ ਦੇ ਪ੍ਰਬੰਧਕ ਸਮੇਤ ਸਟਾਫ਼ ਦੇ 3 ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਮੁਥੂਟ ਫਿਨਕਾਰਪ (ਨੇੜੇ ਨਵਾਂ ਬੱਸ ਸਟੈੰਡ) ਵਿਖੇ ਤਾਇਨਾਤ ਏਰੀਆ ਮੈਨੇਜਰ ਮਨਿੰਦਰਪਾਲ ਸਿੰਘ ਵਾਸੀ ਮੁਕੇਰੀਆ (ਹੁਸ਼ਿਆਰਪੁਰ) ਨੇ ਅੈੱਸਅੈੱਸਪੀ ਸੰਗਰੂਰ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਕੰਪਨੀ ਦੀ ਭਵਾਨੀਗੜ੍ਹ ਬ੍ਰਾਂਚ ਦੇ ਮੈਨੇਜਰ ਦਿਨੇਸ਼ ਧਵਨ ਸਣੇ ਕਰਮਚਾਰੀ ਕਾਜਲ ਦੇਵਗਨ ਤੇ ਹਰਪ੍ਰੀਤ ਸਿੰਘ ਕੋਲ ਬ੍ਰਾਂਚ ਦੇ ਸਟਰਾਂਗ ਰੂਮ ਦੀਆਂ ਚਾਬੀਆਂ ਹੁੰਦੀਆਂ ਸਨ ਤੇ ਸਟਰਾਂਗਰੂਮ ਨੂੰ ਖੋਲਣ ਦਾ ਅਧਿਕਾਰ ਵੀ ਉਕਤ ਵਿਅਕਤੀਆਂ ਕੋਲ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੰਪਨੀ ਤੋਂ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਲੈਂਦਾ ਹੈ ਤਾਂ ਕੰਪਨੀ ਵੱਲੋਂ ਜਮਾਂ ਗਹਿਣਿਆਂ ਦੀ ਸਮੇਂ-ਸਮੇਂ ‘ਤੇ ਜਾਂਚ ਕੀਤੀ ਜਾਂਦੀ ਹੈ, ਜਿਸ ਦੌਰਾਨ ਕੰਪਨੀ ਦੇ ਉੱਚ ਅਧਿਕਾਰੀਆਂ ਵਲੋਂ ਬ੍ਰਾਂਚ ਵਿਚ ਪਏ ਗਹਿਣਿਆਂ ਦੀ ਜਾਂਚ ਕੀਤੀ ਗਈ ਤਾਂ ਉਹ ਨਕਲੀ ਪਾਏ ਗਏ। ਇਸ ਦੀ ਸੂਚਨਾ ਜਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਗਈ ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਸ ਵਲੋਂ ਮਨਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਬ੍ਰਾਂਚ ਮੈਨੇਜਰ ਦਿਨੇਸ਼ ਧਵਨ ਵਾਸੀ ਪਟਿਆਲਾ, ਕਾਜਲ ਦੇਵਗਨ ਵਾਸੀ ਸੰਗਰੂਰ ਅਤੇ ਹਰਪ੍ਰੀਤ ਸਿੰਘ ਵਾਸੀ ਸਮਾਣਾ ਖਿਲਾਫ਼ ਮਾਮਲਾ ਦਰਜ਼ ਕਰਦਿਆਂ ਅਗਲੀ ਤਫਤੀਸ਼ ਅਾਰੰਭ ਦਿੱਤੀ।