‘ਕੈਪਟਨ ਨੂੰ ਸਵਾਲ’ ਫ਼ੇਸਬੁੱਕ ਲਾਈਵ ਦੌਰਾਨ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਕਿਰਾਏ ਵਿੱਚ 50 ਫ਼ੀਸਦੀ ਸਬਸਿਡੀ ਯੋਜਨਾ ਨੂੰ ਛੇਤੀ ਲਾਗੂ ਕਰਨ ਦਾ ਐਲਾਨ
ਕਿਹਾ, ਅਗਲੀ ਕੈਬਨਿਟ ਮੀਟਿੰਗ ਵਿੱਚ 50,000 ਸਰਕਾਰੀ ਨੌਕਰੀਆਂ ਭਰਨ ਨੂੰ ਦਿੱਤੀ ਜਾਵੇਗੀ ਪ੍ਰਵਾਨਗੀ
ਚੰਡੀਗੜ, 23 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਕੋਰਨਾ ਵਾਇਰਸ ਦੇ ਨਵੇਂ ਰੂਪ ਵਿੱਚ ਫੈਲਣ ਦੀਆਂ ਰਿਪੋਰਟਾਂ ਦਰਮਿਆਨ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਅਤੇ ਕੋਵਿਡ ਦੇ ਸੁਰੱਖਿਆ ਨੇਮਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ।
ਕੋਵਿਡ ਤੋਂ ਠੀਕ ਹੋਣ ਵਾਲੇ ਲੋਕਾਂ ਵਿੱਚ ਕਮਜ਼ੋਰੀ ਸਮੇਤ ਲੰਮੇ ਸਮੇਂ ਦੇ ਪ੍ਰਭਾਵ ਰਹਿਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ, ਹੁਣ ਸੂਬੇ ਵਿੱਚ ਮਹਾਂਮਾਰੀ ਦਾ ਫੈਲਾਅ ਹੌਲੀ ਹੋਇਆ ਹੈ ਪਰ ਸੰਕਟ ਹਾਲੇ ਖ਼ਤਮ ਨਹੀਂ ਹੋਇਆ। ਉਨਾਂ ਕਿਹਾ ਕਿ ਮੰਗਲਵਾਰ ਨੂੰ ਇੰਗਲੈਂਡ ਤੋਂ ਅੰਮਿ੍ਰਤਸਰ ਪੁੱਜੀ ਆਖ਼ਰੀ ਉਡਾਣ ਵਿੱਚ 8 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਉਨਾਂ ਉਮੀਦ ਜਤਾਈ ਕਿ ਵਾਇਰਸ ਦਾ ਨਵਾਂ ਰੂਪ ਪੰਜਾਬ ਵਿਚ ਦਾਖ਼ਲ ਨਹੀਂ ਹੋਇਆ।
ਫ਼ੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਵਿੱਚ ਕੇਸਾਂ ਦਾ ਮੁੜ ਉਭਾਰ ਨਹੀਂ ਹੋਵੇਗਾ ਅਤੇ ਨਾ ਹੀ ਨਵਾਂ ਰੂਪ ਫੈਲੇਗਾ। ਮੰਗਲਵਾਰ ਨੂੰ 200 ਤੋਂ ਵੱਧ ਕੋਵਿਡ ਮਾਮਲੇ ਪਾਏ ਗਏ ਅਤੇ 18 ਮੌਤਾਂ ਹੋਈਆਂ। ਲੋਕਾਂ ਨਾਲ ਜ਼ਿਆਦਾ ਸੰਪਰਕ ਹੋਣ ਕਾਰਨ ਆਪਣੇ ਕਈ ਸਾਥੀਆਂ ਅਤੇ ਅਧਿਕਾਰੀਆਂ ਦੇ ਪਾਜ਼ੇਟਿਵ ਆਉਣ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ, ਆਪਣੇ ਪਰਿਵਾਰਾਂ ਅਤੇ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਮਾਸਕ ਪਾਉਣ ਅਤੇ ਆਪਸੀ ਦੂਰੀ ਬਣਾਈ ਰੱਖਣ ਦੇ ਨੇਮਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਬਣਾਉਣ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਮੇਂ ਹਰ ਰੋਜ਼ 30,000 ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਸੰਕਟ ਕਾਰਨ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਕਿਰਾਏ ਵਿੱਚ 50 ਫ਼ੀਸਦੀ ਸਬਸਿਡੀ ਨੂੰ ਅਮਲ ਵਿੱਚ ਲਿਆਉਣ ’ਚ ਦੇਰੀ ਹੋਈ ਹੈ ਪਰ ਛੇਤੀ ਹੀ ਇਸ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨਾਂ ਨੇ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਸਕੀਮ ਦੇ ਵੇਰਵੇ ਅਤੇ ਦਸਤਾਵੇਜ਼ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਛੇਤੀ ਹੀ ਇਸ ਸਕੀਮ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਬਟਾਲਾ ਦੇ ਵਸਨੀਕ ਵੱਲੋਂ 42,000 ਖ਼ਾਲੀ ਆਸਾਮੀਆਂ ਪੁਰ ਕਰਨ ਦੇ ਕੀਤੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿੱਚ ਵੀ ਮਹਾਂਮਾਰੀ ਕਾਰਨ ਦੇਰ ਹੋਈ ਹੈ। ਉਨਾਂ ਕਿਹਾ ਕਿ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ 50,000 ਆਸਾਮੀਆਂ ’ਤੇ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਫ਼ਿਰੋਜ਼ਪੁਰ ਦੇ ਨਿਵਾਸੀ ਦੀ ਸ਼ਿਕਾਇਤ ਕਿ ਉਸ ਦੇ ਖੇਤਰ ਦੇ ਸਰਕਾਰੀ ਹਸਪਤਾਲਾਂ ਵਿੱਚ ਓ.ਪੀ.ਡੀ. ਹਾਲੇ ਵੀ ਸ਼ੁਰੂ ਨਹੀਂ ਹੋਈ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਓ.ਪੀ.ਡੀਜ਼. ਨੂੰ ਖੋਲਣ ਸਬੰਧੀ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨਾਂ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਾਉਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਓ.ਪੀ.ਡੀਜ਼. ਦਾ ਕੰਮਕਾਜ ਆਮ ਵਾਂਗ ਦੁਬਾਰਾ ਸ਼ੁਰੂ ਕਰਵਾਇਆ ਜਾ ਸਕੇ।
ਠੰਢ ਵਿੱਚ ਸ਼ਹਿਰੀ ਬੇਘਰਿਆਂ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਲੁਧਿਆਣਾ ਦੇ ਬਾਸ਼ਿੰਦੇ ਦੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਅਖ਼ਤਿਆਰੀ ਫ਼ੰਡਾਂ ਵਿੱਚੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੰਬਲ ਖ਼ਰੀਦ ਕੇ ਅਜਿਹੇ ਲੋਕਾਂ ਨੂੰ ਵੰਡਣ ਲਈ ਪੈਸੇ ਭੇਜ ਰਹੇ ਹਨ। ਆਪਣੀ ਸਵਰਗਵਾਸੀ ਮਾਤਾ ਵੱਲੋਂ ਹਰੇਕ ਸਰਦੀ ਦੌਰਾਨ ਪਟਿਆਲੇ ’ਚ ਕੰਬਲ ਵੰਡਣ ਦੀਆਂ ਗੱਲਾਂ ਯਾਦ ਕਰਦਿਆਂ ਉਨਾਂ ਨੇ ਸਮੂਹ ਪੰਜਾਬੀਆਂ ਨੂੰ ਅਤਿ ਦੀ ਠੰਢ ਵਾਲੇ ਮਹੀਨਿਆਂ ਵਿੱਚ ਬੇਘਰੇ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸ਼ਹਿਰੀ ਬੇਘਰੇ ਲੋਕਾਂ ਲਈ ਜ਼ਮੀਨ ਐਕਵਾਇਰ ਕਰ ਕੇ ਰੈਣ-ਬਸੇਰੇ ਬਣਾਉਣ ਦਾ ਕੰਮ ਜਾਰੀ ਹੈ।
ਮੁੱਖ ਮੰਤਰੀ ਨੇ ਲੁਧਿਆਣਾ ਦੇ ਇਕ ਵਸਨੀਕ ਨੂੰ ਦੱਸਿਆ ਕਿ ਮੋਹਾਲੀ ਵਿਖੇ ਐਮ.ਬੀ.ਬੀ.ਐਸ. ਦਾ ਕੋਰਸ ਛੇਤੀ ਹੀ ਸ਼ੁਰੂ ਹੋ ਜਾਵੇਗਾ ਅਤੇ ਦੋ ਹੋਰ ਨਵੇਂ ਮੈਡੀਕਲ ਕਾਲਜਾਂ ਨੂੰ ਛੇਤੀ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਲੁਧਿਆਣਾ ਵਾਸੀ ਨੇ ਸੂਬੇ ਵਿਚ ਐਮ.ਬੀ.ਬੀ.ਐਸ. ਦੀਆਂ ਕੁਝ ਸੀਟਾਂ ਉਪਬਲਧ ਹੋਣ ’ਤੇ ਚਿੰਤਾ ਜ਼ਾਹਰ ਕੀਤੀ ਸੀ।
ਵਾਹਨਾਂ ਦੇ ਵੀ.ਆਈ.ਪੀ. ਨੰਬਰਾਂ ’ਤੇ ਪਾਬੰਦੀ ਸਬੰਧੀ ਮੁੱਖ ਮੰਤਰੀ ਨੇ ਇੱਕ ਲੁਧਿਆਣਾ ਨਿਵਾਸੀ ਨੂੰ ਵਿਸਥਾਰ ਸਹਿਤ ਦੱਸਿਆ ਕਿ ਅਜਿਹੇ ਨੰਬਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਕ ਵਾਹਨ ਤੋਂ ਦੂਜੇ ਵਾਹਨ ’ਤੇ ਇੱਕੋ ਨੰਬਰ ਤਬਦੀਲ ਹੋਣ ਕਾਰਨ ਟਰੈਕਿੰਗ ਕਰਨਾ ਮੁਸ਼ਕਿਲ ਬਣ ਗਿਆ ਸੀ। ਉਨਾਂ ਇਸ ਸਬੰਧੀ ਰੋਪੜ ਦੇ ਇੱਕ ਹੋਰ ਬਾਸ਼ਿੰਦੇ ਨੂੰ ਦੱਸਿਆ ਕਿ ਪੰਜਾਬ ਵਿੱਚ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਤੋਂ ਕੋਈ ਵਾਧੂ ਫ਼ੀਸ ਨਹੀਂ ਲਈ ਜਾ ਰਹੀ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਰਾਜ ਸਰਕਾਰ ਦੀਆਂ ਯੋਜਨਾਵਾਂ ਬਾਰੇ ਗੁਰਦਾਸਪੁਰ ਨਿਵਾਸੀ ਵੱਲੋਂ ਪੁੱਛੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬ ਜੀ ਦੀਆਂ ਚਰਨ-ਛੋਹ ਪ੍ਰਾਪਤ ਸਾਰੀਆਂ ਥਾਵਾਂ ’ਤੇ ਵਿਸ਼ਾਲ ਸਮਾਗਮ ਕਰਾਉਣ ਦੀ ਰੂਪ-ਰੇਖਾ ਉਲੀਕਣ ਲਈ ਕਮੇਟੀ ਬਣਾਈ ਗਈ ਹੈ।
Related posts
Subscribe
* You will receive the latest news and updates on your favorite celebrities!
Quick Cook!
Review Of Healthy Breakfast Meals For Energy Boost
Lorem ipsum dolor sit amet, consectetur adipiscing elit. Quisque hendrerit fringilla enim, ut scelerisque dui. In hac habitasse platea dictumst….