Friday , April 3 2020
Breaking News

ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਲੋਕਾਂ ਦੇ ਘਰਾਂ ‘ਚ 100 ਟਰੈਕਟਰ ਟਰਾਲੀਆਂ ਰਾਹੀਂ ਪਹੁੰਚੇਗੀ ਰਾਸ਼ਨ ਸਮੱਗਰੀ: ਘਨਸ਼ਿਆਮ ਥੋਰੀ…..

ਕੋਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਲੋਕਾਂ ਦੇ ਘਰਾਂ ‘ਚ
100 ਟਰੈਕਟਰ ਟਰਾਲੀਆਂ ਰਾਹੀਂ ਪਹੁੰਚੇਗੀ ਰਾਸ਼ਨ ਸਮੱਗਰੀ: ਘਨਸ਼ਿਆਮ ਥੋਰੀ
* ਦਵਾਈਆਂ ਦੀ ਲੋੜ ਨੂੰ ਪੂਰਾ ਕਰਨ ਲਈ 25 ਵਾਹਨਾਂ ਰਾਹੀਂ ਹੋਵੇਗੀ ਸਪਲਾਈ
* ਰਾਸ਼ਨ ਸਮੱਗਰੀ, ਕਰਫਿਊ ਪਾਸਾਂ, ਦਵਾਈਆਂ ਦੀ ਲੋੜ ਲਈ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ
* ਕੋਰੋਨਾ ਵਾਇਰਸ ਦੇ ਬੇਹੱਦ ਮਾਰੂ ਪ੍ਰਭਾਵਾਂ ਕਾਰਨ ਇੱਕ ਦੂਜੇ ਦੇੇ ਸੰਪਰਕ ਤੋਂ ਬਚਣਾ ਬੇਹੱਦ ਜ਼ਰੂਰੀ
* ਕਿਸੇ ਵੀ ਹੈਲਪਲਾਈਨ ‘ਤੇ ਸਮੱਸਿਆ ਦਾ ਹੱਲ ਨਾ ਹੋਣ ‘ਤੇ ਨਾਗਰਿਕ ਸਿੱਧਾ ਡਿਪਟੀ ਕਮਿਸ਼ਨਰ ਦੇ ਨਿੱਜੀ ਵਟਸਐਪ ਨੰਬਰ ‘ਤੇ ਭੇਜਣ ਮੈਸੇਜ਼
* ਅਗਲੇ 20 ਦਿਨਾਂ ਵਿੱਚ ਕਿਸੇ ਵੀ ਨਾਗਰਿਕ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ

ਸੰਗਰੂਰ, 25 ਮਾਰਚ:
ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਜ਼ਿਲ੍ਹਾ ਨਿਵਾਸੀਆਂ ਨੂੰ ਮੁਕੰਮਲ ਤੌਰ ‘ਤੇ ਮੁਕਤ ਰੱਖਣ ਲਈ ਲਗਾਏ ਗਏ ਕਰਫਿਊ ਦੌਰਾਨ ਵੀ ਲੋਕਾਂ ਦੀਆਂ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਰਾਸ਼ਨ ਸਮੱਗਰੀ ਤੇ ਦਵਾਈਆਂ ਸਬੰਧੀ ਮੰਗ ਨੂੰ ਪੂਰਾ ਕਰਨ ਲਈ 100 ਟਰੈਕਟਰ ਟਰਾਲੀਆਂ ਰਾਹੀਂ ਰਾਸ਼ਨ ਸਮੱਗਰੀ ਤੇ 25 ਵਾਹਨਾਂ ਰਾਹੀਂ ਮਹੱਤਵਪੂਰਨ ਦਵਾਈਆਂ ਰਵਾਨਾ ਕੀਤੀਆਂ ਜਾਣਗੀਆਂ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਮੀਡੀਆ ਰਾਹੀਂ ਰੂਬਰੂ ਹੁੰਦਿਆਂ ਸ਼੍ਰੀ ਥੋਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਗਏ ਕਰਫਿਊ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਜਿਸ ਦੇ ਮੱਦੇਨਜ਼ਰ ਜਿਥੇ ਜ਼ਿਲ੍ਹਾ ਪੱਧਰੀ ਡੈਡੀਕੇਟਿਡ ਹੈਲਪਾਲਾਈਨ ਨੰਬਰ ਮੁਹੱਈਆ ਕਰਵਾਏ ਗਏ ਹਨ ਉਥੇ ਹੀ ਸਬ  ਡਵੀਜ਼ਨ ਪੱਧਰ ‘ਤੇ ਵੀ ਹੈਲਪਲਾਈਨ ਨੰਬਰ ਆਰੰਭ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਕਰਨ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀਤੀ ਸ਼ਾਮ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ 21 ਦਿਨਾਂ ਦੇ ਲੌਕ ਡਾਊਨ ਕਰਫਿਊ ਦੇ ਐਲਾਨ ਤੋਂ ਬਾਅਦ ਅੱਜ ਸਮੂਹ ਸਬ ਡਵੀਜ਼ਨਾਂ ਵਿੱਚੋਂ ਫੀਡਬੈਕ ਪ੍ਰਾਪਤ ਹੋਈ ਸੀ ਕਿ ਸਬਜ਼ੀ ਮੰਡੀਆਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀ ਭੀੜ ਵਧ ਰਹੀ ਹੈ ਤਾਂ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀਆਂ ਹਰ ਮਹੱਤਵਪੂਰਨ ਲੋੜਾਂ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਮੂਹ ਸਬ ਡਵੀਜ਼ਨਲ ਮੈਜਿਸਟਰੇਟ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਰਾਸ਼ਨ ਸਮੱਗਰੀ ਤੇ ਦਵਾਈਆਂ ਦੀ ਪਹੁੰਚ ਨੂੰ ਨਿਯਮਤ ਸਮੇਂ ਅੰਦਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੀ ਪ੍ਰਕਿਰਿਆ ਨੂੰ ਰੋਜ਼ਾਨਾ ਦੇ ਆਧਾਰ ‘ਤੇ ਯਕੀਨੀ ਬਣਾਉਣ ਲਈ ਸਮੂਹ ਐਸ.ਡੀ.ਐਮਜ਼ ਨੂੰ ਕਰਿਆਨਾ ਐਸੋਸੀਏਸ਼ਨਾਂ, ਕੈਮਿਸਟ ਤੇ ਮੈਡੀਕਲ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਇਸ ਕਾਰਜ ਲਈ ਵਰਤੋਂ ਵਿੱਚ ਆਉਣ ਵਾਲੇ ਵਾਹਨਾਂ ਨੂੰ ਵੀ ਕਰਫਿਊ ਸਬੰਧੀ ਪਾਸ ਜਾਰੀ ਕਰਵਾਏ ਜਾ ਸਕਣ। ਸ਼੍ਰੀ ਥੋਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਬੇਹੱਦ ਮਾਰੂ ਪ੍ਰਭਾਵਾਂ ਕਾਰਨ ਇੱਕ ਦੂਜੇ ਦੇੇ ਸੰਪਰਕ ਤੋਂ ਬਚਣਾ ਬੇਹੱਦ ਜ਼ਰੂਰੀ ਹੈ ਅਤੇ ਲੋਕ ਐਮਰਜੈਂਸੀ ਹਾਲਤਾਂ ਤੋਂ ਇਲਾਵਾ ਹੋਰ ਕਿਸੇ ਵੀ ਹਾਲਤ ਵਿੱਚ ਆਪਣੇ ਘਰਾਂ ਤੋਂ ਬਿਲਕੁਲ ਵੀ ਬਾਹਰ ਨਾ ਨਿਕਲਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਗਰਿਕਾਂ ਨੂੰ ਹਰ ਢੁਕਵੀਂ ਜ਼ਰੂਰਤ ਘਰਾਂ ਵਿੱਚ ਹੀ ਮੁਹੱਈਆ ਕਰਵਾਉਣ ਲਈ ਜਿਥੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 01672-232304 ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ, ਜੋ ਛੋਟ ਦੀ ਸ਼੍ਰੇਣੀ ਵਿੱਚ ਆਉਂਦਾ ਹੋਵੇ, ਦੁਆਰਾ ਕਰਫਿਊ ਦੇ ਪਾਸ ਬਣਵਾਉਣ ਲਈ ਹੈਲਪਲਾਈਨ ਨੰਬਰ 98151-85193 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਕਿਸੇ ਨਿਵਾਸੀ ਨੂੰ ਰਾਸ਼ਨ ਸਬੰਧੀ ਕੋਈ ਦਿੱਕਤ ਪੇਸ਼ ਆ ਰਹੀ ਹੈ ਤਾਂ ਉਹ 01672-234188 ‘ਤੇ ਸੰਪਰਕ ਕਰ ਸਕਦਾ ਹੈ ਅਤੇ ਐਮਰਜੈਂਸੀ ਪੱਧਰ ‘ਤੇ ਦਵਾਈ ਦੀ ਲੋੜ ਲਈ ਹੈਲਪਲਾਈਨ ਨੰਬਰ 78145-93231 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਅਪੀਲ ਵੀ ਕੀਤੀ ਕਿ ਜਿੰਨੇ ਜ਼ਿਆਦਾ ਕਰਫਿਊ ਪਾਸ ਜਾਰੀ ਕਰਵਾਏ ਜਾਣਗੇ ਓਨੀ ਹੀ ਮੁਸ਼ਕਿਲ ਪੈਦਾ ਹੋਵੇਗੀ ਅਤੇ ਲੌਕ ਡਾਊਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੋਣ ਦੀ ਸੰਭਾਵਨਾ ਪੈਦਾ ਹੋਵੇਗੀ । ਸ਼੍ਰੀ ਥੋਰੀ ਨੇ ਇਹ ਵੀ ਕਿਹਾ ਕਿ ਜੇ ਕਿਸੇ ਵੀ ਹੈਲਪਲਾਈਨ ‘ਤੇ ਫੋਨ ਕਰਕੇ ਕਿਸੇ ਨਾਗਰਿਕ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਤਾਂ ਉਨ੍ਹਾਂ ਦਾ ਆਪਣਾ ਹੀ ਨਿੱਜੀ ਨੰਬਰ ਜਿਸ ‘ਤੇ ਕਿ ਸਿਰਫ ਵਟਸਐਪ ਚੱਲੇਗਾ, ਮੁਹੱਈਆ ਕਰਵਾਇਆ ਗਿਆ ਹੈ ਜੋ ਕਿ 80549-16355 ਹੈ, ਇਸ ‘ਤੇ ਆਪਣੀ ਸਮੱਸਿਆ ਪੰਜਾਬੀ ਜਾਂ ਅੰਗਰੇਜੀ ਵਿੱਚ ਟਾਈਪ ਕਰਕੇ ਆਪਣਾ ਨਾਮ, ਸੰਪਰਕ ਨੰਬਰ ਤੇ ਘਰ ਦਾ ਪਤਾ ਪਾ ਦਿੱਤਾ ਜਾਵੇ ਜਿਸ ਨੂੰ ਸਬੰਧਤ ਅਧਿਕਾਰੀ ਕੋਲ ਭੇਜ ਕੇ ਸਮੱਸਿਆ ਦਾ ਫੌਰੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ‘ਤੇ ਰੋਕ ਨਹੀਂ ਲਗਾਈ ਗਈ ਪਰ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਜਿਸ ਤਹਿਤ ਰਾਸ਼ਨ, ਸਬਜ਼ੀਆਂ, ਫਲਾਂ ਦੇ ਨਾਲ ਨਾਲ ਐਲ.ਪੀ.ਜੀ ਦੇ ਸਿਲੰਡਰ ਵੀ ਘਰਾਂ ਵਿੱਚ ਪਹੁੰਚ ਜਾਣਗੇ, ਪਸ਼ੂਆਂ ਲਈ ਖੁਰਾਕ, ਪੋਲਟਰੀ ਦੀ ਖੁਰਾਕ ਸਪਲਾਈ ਚੇਨ ਵਿੱਚ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਲਈ ਸਮੂਹ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਿਰਫ ਰਿਕਸ਼ੇ ਰੇਹੜੀਆਂ, ਜਿਨ੍ਹਾਂ ਦੀ ਕਿ ਸਹੀ ਢੰਗ ਨਾਲ ਸੈਨੇਟਾਈਜ਼ ਹੋਈ ਹੋਵੇ, ਰਾਹੀਂ ਡੋਰ ਟੂ ਡੋਰ ਸਪਲਾਈ ਕੀਤੀ ਜਾਵੇ ਅਤੇ ਲੋਕ ਸਬਜ਼ੀ ਮੰਡੀਆਂ ਵਿੱਚ ਨਾ ਆਉਣ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਅਗਲੇ 20 ਦਿਨਾਂ ਵਿੱਚ ਕਿਸੇ ਵੀ ਨਾਗਰਿਕ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਹੈ, ਇਸ ਲਈ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦੇਣੀ ਯਕੀਨੀ ਬਣਾਈ ਜਾਵੇ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭ ਕੇ ਟੈਸਟ ਕਰਨ ਅਤੇ 21 ਦਿਨ ਦੇ ਏਕਾਂਤਵਾਸ ਦੇ ਭੇਜਣ ਲਈ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ …

Leave a Reply

Your email address will not be published. Required fields are marked *