ਭਾਜਪਾ ਆਗਾਮੀ ਸ਼ਹਿਰੀ ਸਥਾਨਕ ਇਕਾਈ ਦੀਆਂ ਚੋਣਾਂ ਵਿੱਚ ਪਾਰਟੀ ਦੇ ਖਾਤਮੇ ਦੇ ਡਰੋਂ ਬੁਖਲਾਈ
ਮੋਬਾਈਲ ਟਾਵਰਾਂ ਨੂੰ ਕਾਂਗਰਸ ਵੱਲੋਂ ਨੁਕਸਾਨ ਪਹੁੰਚਾਣ ਦੇ ਭਾਜਪਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਖਰੜ (ਮੁਹਾਲੀ), 31 ਦਸੰਬਰ
ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਆਪਣੀ ਪਾਰਟੀ ਦੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਫੈਲਾਏ ਜਾ ਰਹੇ ਕੂੜ ਪ੍ਰਚਾਰ ਲਈ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਝੂਠਾ ਪੇਸ਼ ਕਰਨ ਦੀ ਕੀਤੀ ਇਹ ਬੇਤੁਕੀ ਕੋਸ਼ਿਸ਼ ਦਰਸਾਉਦੀ ਹੈ ਕਿ ਉਨਾਂ ਦੀ ਪਾਰਟੀ ਨੂੰ ਆਗਾਮੀ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ ਆਪਣੇ ਖਾਤਮੇ ਦਾ ਡਰ ਸਤਾ ਰਿਹਾ ਹੈ।
ਚੰਡੀਗੜ-ਖਰੜ ਐਲੀਵੇਟਿਡ ਕੌਰੀਡੋਰ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾਈ ਭਾਜਪਾ ਵੱਲੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਦਾ ਬੇਬੁਨਿਆਦ ਆਧਾਰ ਬਣਾ ਕੇ ਸ਼ਹਿਰੀ ਚੋਣਾਂ ਨੂੰ ਅੱਗੇ ਪਾਉਣ ਲਈ ਰਾਜਪਾਲ ਨੂੰ ਕੀਤੀ ਬੇਨਤੀ ਦਰਸਾਉਦੀ ਹੈ ਕਿ ਪਾਰਟੀ ਲੀਡਰਸ਼ਿਪ ਚੋਣਾਂ ਦੇ ਸਿਰ ’ਤੇ ਆਉਣ ਕਾਰਨ ਪੂਰੀ ਤਰਾਂ ਬੁਖਲਾਹਟ ਵਿੱਚ ਹੈ ਕਿਉ ਜੋ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਖਿਲਾਫ ਲੋਕਾਂ ਵਿੱਚ ਜਬਰਦਸਤ ਰੋਹ ਹੈ।
ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਦਿਆਂ ਅਸ਼ਵਨੀ ਸ਼ਰਮਾ ਅਤੇ ਉਨਾਂ ਦੀ ਪਾਰਟੀ ਦੇ ਸਾਥੀ ਹੁਣ ਚੋਣਾਂ ਤੋਂ ਭੱਜਣ ਲਈ ਬੁਰੀ ਤਰਾਂ ਹਥਕੰਡੇ ਵਰਤ ਰਹੇ ਹਨ। ‘ਇੰਡੀਆ ਟੂਡੇ’ ਵੱਲੋਂ ਕੀਤੇ ਜਾਂਦੇ ਸਾਲਾਨਾ ਸਰਵੇਖਣ ‘ਸਟੇਟਸ ਆਫ ਸਟੇਟ’ ਵਿੱਚ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਪੰਜਾਬ ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਐਲਾਨੇ ਜਾਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਝੂਠੀ ਮਾੜੀ ਸਥਿਤੀ ਸਿਰਫ ਭਾਜਪਾ ਵੱਲੋਂ ਆਪਣੇ ਖਿਲਾਫ ਕਿਸਾਨਾਂ ਦੇ ਗੁੱਸੇ ਤੋਂ ਬਚਣ ਲਈ ਪ੍ਰਚਾਰੀ ਜਾ ਰਹੀ ਹੈ। ਉਨਾਂ ਕਿਹਾ ਕਿ ਉਨਾਂ ਦੀ ਨਿਰਾਸ਼ਾ ਕੁੱਝ ਕਾਰਪੋਰੇਟਾਂ ਨਾਲ ਉਨਾਂ ਦੀਆਂ ਪੁਰਾਣੀਆਂ ਮੁਲਾਕਾਤ ਦੀਆਂ ਤਸਵੀਰਾਂ ਨੂੰ ਕਿਸਾਨਾਂ ਖਿਲਾਫ ਮਿਲੀਭੁਗਤ ਵਜੋਂ ਪੇਸ਼ ਕਰਨ ਦੀ ਬੋਲੀ ਤੋਂ ਜ਼ਾਹਰ ਹੋਈ ਹੈ।
ਭਾਜਪਾ ਸੂਬਾਈ ਆਗੂਆਂ ਵੱਲੋਂ ਕਾਂਗਰਸ ਉਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਣ ਅਤੇ ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਲਈ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਮੁੱਖ ਮੰਤਰੀ ਨੇ ਪੁੱਛਿਆ, ‘‘ਕੀ ਕਿਸਾਨਾਂ ਦੇ ਭਾਜਪਾ ਖਿਲਾਫ ਗੁੱਸੇ ਲਈ ਅਸੀਂ ਜ਼ਿੰਮੇਵਾਰ ਹਾਂ?’’ ਉਨਾਂ ਕਿਹਾ, ‘‘ਖੇਤੀ ਕਾਨੂੰਨ ਅਸੀਂ ਨਹੀਂ ਬਣਾਏ, ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਹਨ। ਸਗੋਂ ਅਸੀਂ ਤਾਂ ਇਨਾਂ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਵਿਧਾਨ ਸਭਾ ਵਿੱਚ ਸੋਧ ਬਿੱਲ ਪਾਸ ਕੀਤੇ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਵੱਲੋਂ ਕੀਤੀ ਅਪੀਲ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ਾਂ ਤੋਂ ਬਾਅਦ ਮੋਬਾਈਲ ਟਾਵਰਾਂ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਉਨਾਂ ਕਿਹਾ ਕਿ ਇਸ ਨਾਲ ਅਸ਼ਵਨੀ ਸ਼ਰਮਾ ਵੱਲੋਂ ਸ਼ਰਮਨਾਕ ਤਰੀਕੇ ਨਾਲ ਬੋਲੇ ਜਾ ਰਹੇ ਝੂਠ ਦਾ ਪਰਦਾਫਾਸ਼ ਹੋ ਗਿਆ। ਉਨਾਂ ਕਿਹਾ ਕਿ ਅੱਜ ਸਿਰਫ ਇੱਕਾ-ਦੁੱਕਾ ਹਲਕੇ ਨੁਕਸਾਨ ਦੇ ਮਾਮਲੇ ਸਾਹਮਣੇ ਆਏ ਹਨ। ਉਨਾਂ ਦੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਹ ਯਕੀਨੀ ਬਣਾਏਗੀ ਕਿ ਇਕ ਵੀ ਘਟਨਾ ਨੁਕਸਾਨ ਪਹੁੰਚਾਣ ਦਾ ਨਾ ਵਾਪਰੇ। ਸਥਿਤੀ ਹੁਣ ਪੂਰੇ ਨਿਯੰਤਰਨ ਵਿੱਚ ਹੈ ਅਤੇ ਬਹੁਤੇ ਨੁਕਸਾਨੇ ਹੋਏ ਟਾਵਰਾਂ ਦੀ ਮੁਰੰਮਤ ਪਹਿਲਾਂ ਹੀ ਹੋ ਗਈ ਹੈ।
ਇਨਾਂ ਮਾਮਲਿਆਂ ਨੂੰ ਮੰਦਭਾਗਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਇਹ ਘਟਨਾਵਾਂ ਕਿਸਾਨਾਂ ਵੱਲੋਂ ਹਾਲੇ ਤੱਕ ਆਪਣੀਆਂ ਜਾਇਜ਼ ਮੰਗਾਂ ਪੂਰੀਆਂ ਨਾ ਹੋਣ ਕਾਰਨ ਉਨਾਂ ਵਿੱਚ ਪੈਦਾ ਹੋਏ ਰੋਸ ਦੇ ਨਤੀਜੇ ਵਜੋਂ ਵਾਪਰੀਆਂ ਹਨ। ਉਨਾਂ ਭਾਜਪਾ ਆਗੂਆਂ ਵੱਲੋਂ ਕੀਤੇ ਇਹ ਦਾਅਵੇ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪਹਿਲਾਂ ਹੀ ਮੰਨ ਲਈਆਂ ਗਈਆਂ ਹਨ, ਨੂੰ ਮੁੱਢੋਂ ਹੀ ਖਾਰਜ ਕੀਤਾ। ਜੇ ਉਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹੁੰਦੀਆਂ ਤਾਂ ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਾਰਡਰਾਂ ਉਤੇ ਸੜਕਾਂ ਉਤੇ ਖੁੱਲੇ ਅਸਮਾਨ ਹੇਠਾਂ ਨਾ ਬੈਠੇ ਹੁੰਦੇ। ਉਨਾਂ ਕਿਹਾ ਕਿ ਸੱਤਾ ਦੇ ਲਾਲਚੀ ਭਾਜਪਾ ਆਗੂਆਂ ਨੂੰ ਇਸ ਗੱਲ ਨਾਲ ਵੀ ਕੋਈ ਸਰੋਕਾਰ ਨਹੀਂ ਕਿ 50 ਦੇ ਕਰੀਬ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਹੋ ਗਈ ਹੈ ਜਿਨਾਂ ਵਿੱਚ ਕੁਝ ਕੁ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ।
ਕੇਂਦਰ ਵੱਲੋਂ ਪਿਛਲੀ ਮੀਟਿੰਗ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਵਿੱਚੋਂ ਦੋ ਮੰਗਾਂ ਮੰਨ ਲਏ ਜਾਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣ ਕਿਸਾਨਾਂ ਅਤੇ ਭਾਰਤ ਸਰਕਾਰ ਵਿਚਾਲੇ ਹੈ। ਉਨਾਂ ਆਸ ਪ੍ਰਗਟਾਈ ਕਿ ਕੇਂਦਰ ਕਿਸਾਨਾਂ ਦੀਆਂ ਬਾਕੀ ਬਚਦੀਆਂ ਮੰਗਾਂ ਵੀ ਜਲਦ ਮੰਨ ਲਏਗੀ।
ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਅਤੇ ਤਰੀਕਾਂ ਤੈਅ ਹੋ ਰਹੀਆਂ ਹਨ ਜੋ ਜਲਦੀ ਹੀ ਐਲਾਨੀਆਂ ਜਾਣਗੀਆਂ। ਉਨਾਂ ਕਿਹਾ ਕਿ ਇਹ ਚੋਣਾਂ ਸਰਕਾਰ ਸੰਵਿਧਾਨਕ ਤੌਰ ’ਤੇ 15 ਫਰਵਰੀ 2021 ਤੋਂ ਪਹਿਲਾਂ ਕਰਵਾਉਣ ਲਈ ਵਚਨਬੱਧ ਸੀ।