Subscribe Now

* You will receive the latest news and updates on your favorite celebrities!

Trending News

Blog Post

‘ਕੀ ਤੁਹਾਨੂੰ ਕਣਕ ਤੇ ਝੋਨੇ ਦਾ ਫਰਕ ਵੀ ਪਤਾ ਹੈ’, ਕੈਪਟਨ ਦਾ ਕੇਜਰੀਵਾਲ ਨੂੰ ਸਵਾਲ
Lifestyle, News

‘ਕੀ ਤੁਹਾਨੂੰ ਕਣਕ ਤੇ ਝੋਨੇ ਦਾ ਫਰਕ ਵੀ ਪਤਾ ਹੈ’, ਕੈਪਟਨ ਦਾ ਕੇਜਰੀਵਾਲ ਨੂੰ ਸਵਾਲ 

‘ਕੀ ਤੁਹਾਨੂੰ ਕਣਕ ਤੇ ਝੋਨੇ ਦਾ ਫਰਕ ਵੀ ਪਤਾ ਹੈ’, ਕੈਪਟਨ ਦਾ ਕੇਜਰੀਵਾਲ ਨੂੰ ਸਵਾਲ

ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਦਾ ਸੇਵਾਦਾਰ ਹੋਣ ਦਾ ਦਾਅਵਾ ਹਾਸੋਹੀਣਾ ਕਰਾਰ, ਕਿਹਾ ਕਿ ਡਰਾਮੇਬਾਜ਼ੀ ਨਾਲ ‘ਆਪ’ ਕਿਸਾਨਾਂ ਦਾ ਦਿਲ ਨਹੀਂ ਜਿੱਤ ਸਕਦੀ

ਖੇਤੀ ਕਾਨੂੰਨ ਲਾਗੂ ਕਰਨ ਦੀ ਥਾਂ ਕੇਜਰੀਵਾਲ ਨੂੰ ਇਨਾਂ ਖੇਤੀਬਾੜੀ ਕਾਨੂੰਨਾਂ ਦਾ ਕਾਨੂੰਨੀ ਤੌਰ ਉਤੇ ਵਿਰੋਧ ਕਰਨ ਦੀ ਚੁਣੌਤੀ ਦਿੱਤੀ

ਚੰਡੀਗੜ, 7 ਦਸੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਖ਼ੁਦ ਨੂੰ ਕਿਸਾਨਾਂ ਦਾ ਸੇਵਾਦਾਰ ਕਹੇ ਜਾਣ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ ਦੇ ਆਪਣੇ ਹਮਰੁਤਬਾ ਨੂੰ ਇਹ ਸਵਾਲ ਕੀਤਾ ਕਿ ਕੀ ਉਨਾਂ ਨੂੰ ਕਣਕ ਤੇ ਝੋਨੇ ਵਿਚਲਾ ਫਰਕ ਵੀ ਪਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਅਜਿਹਾ ਵਿਅਕਤੀ ਜਿਸ ਨੇ ਬਿਨਾਂ ਦੇਰੀ ਕੀਤਿਆਂ ਤਿੰਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿੱਚੋਂ ਇਕ ਨੂੰ ਨੋਟੀਫਾਈ ਕਰ ਦਿੱਤਾ ਹੋਵੇ ਅਤੇ ਜਨਤਕ ਤੌਰ ਉਤੇ ਖ਼ੁਦ ਨੂੰ ਇਸ ਮਾਮਲੇ ਵਿੱਚ ਮਜਬੂਰ ਕਰਾਰ ਦਿੱਤਾ ਹੋਵੇ, ਉਸ ਵੱਲੋਂ ਕਿਸਾਨਾਂ ਦੇ ਸੇਵਾਦਾਰ ਹੋਣ ਦਾ ਦਾਅਵਾ ਕੀਤਾ ਜਾਣਾ ਬੇਹੱਦ ਹਾਸੋਹੀਣਾ ਲਗਦਾ ਹੈ। ਮੁੱਖ ਮੰਤਰੀ ਨੇ ਇਹ ਵਿਚਾਰ ‘ਆਪ’ ਆਗੂ ਵੱਲੋਂ ਸਿੰਘੂ ਬਾਰਡਰ ਉਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੇ ਜਾਣ ਦੇ ਤਾਜ਼ਾ ਢਕਵੰਜ ਦੀ ਆਲੋਚਨਾ ਕਰਦੇ ਹੋਏ ਪ੍ਰਗਟ ਕੀਤੇ।
ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹੋਏ ਦਿੱਲੀ ਵਿੱਚ ਉਸ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਚੁੱਕੇ ਗਏ ਇਕ ਵੀ ਕਦਮ ਦੀ ਮਿਸਾਲ ਦੇਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਤੁਸੀਂ ਇਸ ਮੁੱਦੇ ਉਤੇ ਦਿੱਲੀ ਵਿਧਾਨ ਸਭਾ ਦਾ ਇਜਲਾਸ ਸੱਦਣ ਦੀ ਵੀ ਲੋੜ ਨਹੀਂ ਸਮਝੀ।’’ ਉਨਾਂ ਦਿੱਲੀ ਦੇ ਮੁੱਖ ਮੰਤਰੀ ਉਤੇ ਤਿੱਖੇ ਹਮਲੇ ਕੀਤੇ ਅਤੇ ਉਸ ਨੂੰ ਇਕ ਅਜਿਹਾ ਵਿਅਕਤੀ ਦੱਸਿਆ, ਜੋ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਪੱਧਰ ਤੱਕ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਜੇਕਰ ਕੇਜਰੀਵਾਲ ਦੀ ਨਜ਼ਰ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਤਾਂ ਉਸ ਨੇ ਦਿੱਲੀ ਵਿੱਚ ਸੂਬਾਈ ਸੋਧ ਕਾਨੂੰਨ ਕਿਉਂ ਨਹੀਂ ਪਾਸ ਕਰਵਾਏ, ਜਿਵੇਂ ਕਿ ਪੰਜਾਬ ਤੇ ਹੋਰ ਸੂਬਿਆਂ ਨੇ ਕੀਤਾ ਸੀ ਤਾਂ ਜੋ ਕੇਂਦਰੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਦਾ ਅਸਰ ਖ਼ਤਮ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਨ ਦੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਖੇਤੀ ਕਾਨੂੰਨਾਂ ਦਾ ਪੰਜਾਬ ਸਰਕਾਰ ਦੀ ਤਰਜ਼ ਉਤੇ ਖੁੱਲੇ ਅਤੇ ਸੰਵਿਧਾਨਕ ਤੌਰ ਉਤੇ ਵਿਰੋਧ ਕਰਨ ਦੀ ਚੁਣੌਤੀ ਦਿੱਤੀ, ਬਜਾਏ ਇਸ ਦੇ ਕਿ ਉਹ ਲੋਕਾਂ ਦੀ ਅੱਖੀਂ ਘੱਟਾ ਪਾਉਣ ਲਈ ਸਿਆਸੀ ਡਰਾਮੇਬਾਜ਼ੀ ਕਰੇ। ਮੁੱਖ ਮੰਤਰੀ ਨੇ ਇਹ ਵੀ ਕਿਹਾ, ‘‘ਇਸ ਸਿਆਸੀ ਤਮਾਸ਼ੇ ਨਾਲ ਕਿਸਾਨਾਂ ਦੀ ਮਦਦ ਨਹੀਂ ਹੋਣ ਵਾਲੀ।’’
ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਵੱਲੋਂ ਸਿੰਘੂ ਬਾਰਡਰ, ਜਿੱਥੋਂ ਕਿ ਕਿਸਾਨਾਂ ਨੇ ਪਹਿਲਾਂ ਕਈ ‘ਆਪ’ ਆਗੂਆਂ ਨੂੰ ਵਾਪਸ ਭੇਜ ਦਿੱਤਾ ਸੀ, ਦਾ ਅਚਾਨਕ ਦੌਰਾ ਕੀਤੇ ਜਾਣ ਉਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਕਿਸਾਨਾਂ ਨੇ ਤੁਹਾਡੀਆਂ ਚਾਲਬਾਜ਼ੀਆਂ ਨੂੰ ਸਮਝ ਲਿਆ ਹੈ ਅਤੇ ਹੁਣ ਤੁਹਾਡੀ ਡਰਾਮੇਬਾਜ਼ੀ ਨਾਲ ਉਨਾਂ ਦੀ ਤੁਹਾਡੇ ਬਾਰੇ ਸੋਚ ਨਹੀਂ ਬਦਲੇਗੀ।’’ ਉਨਾਂ ਅੱਗੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਨੂੰ ਇਸ ਡਰਾਮੇ ਤੋਂ ਸਿਰਫ਼ ਕੁੱਝ ਘੰਟਿਆਂ ਦੀਆਂ ਮੀਡੀਆ ਸੁਰਖੀਆਂ ਮਿਲ ਜਾਣਗੀਆਂ ਪਰ ਕੁੱਝ ਵੀ ਹੋਵੇ ਕਿਸਾਨਾਂ ਨੂੰ ਆਪਣੇ ‘ਬੰਦ’ ਨੂੰ ਕਾਮਯਾਬ ਬਣਾਉਣ ਲਈ ‘ਆਪ’ ਵਰਕਰਾਂ ਦੀ ਹਮਾਇਤ ਦੀ ਲੋੜ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਾਫ਼ ਕੀਤਾ ਕਿ ਕੇਜਰੀਵਾਲ ਅਤੇ ਉਸ ਦੀ ‘ਆਪ’ ਪਾਰਟੀ ਵਿੱਚ ਇੰਨੀ ਵੀ ਹਿੰਮਤ ਨਹੀਂ ਕਿ ਉਹ ਕੇਂਦਰ ਸਰਕਾਰ ਵੱਲੋਂ ਕੋਵਿਡ ਦੀ ਮਹਾਂਮਾਰੀ ਦੇ ਮੱਦੇਨਜ਼ਰ ਖੇਤੀ ਕਾਨੂੰਨ ਲਿਆਉਣ ਵਿੱਚ ਦਿਖਾਈ ਗਈ ਜਲਦਬਾਜ਼ੀ ਉਤੇ ਸਵਾਲ ਚੁੱਕ ਸਕਣ। ਉਨਾਂ ਅੱਗੇ ਦੱਸਿਆ ਕਿ ਭਾਰਤ ਬੰਦ ਨੂੰ ਹਮਾਇਤ ਦੇਣ ਦਾ ਕਿਸਾਨਾਂ ਨਾਲ ਖੜੇ ਹੋਣ ਦਾ ਇਹ ਸਾਰਾ ਡਰਾਮਾ ‘ਆਪ’ ਪਾਰਟੀ ਵੱਲੋਂ 2022 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਉਤੇ ਅੱਖ ਰੱਖਦਿਆਂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਸਾਫ਼ ਕਿਹਾ, ‘‘ਤੁਹਾਡੇ ਅਤੇ ਪੰਜਾਬ ਵਿਚਲੇ ਤੁਹਾਡੀ ਪਾਰਟੀ ਦੇ ਮੈਂਬਰਾਂ ਦੇ ਦੋਹਰੇ ਮਾਪਦੰਡ ਅਤੇ ਧੋਖੇਬਾਜ਼ੀਆਂ ਦਾ ਪਾਜ 2017 ਵਿੱਚ ਹੀ ਉਘੜ ਚੁੱਕਿਆ ਹੈ ਅਤੇ ਕਿਸਾਨੀ ਮੁੱਦੇ ਉਤੇ ਤੁਹਾਡੇ ਪਲ-ਪਲ ਬਦਲਦੇ ਸਟੈਂਡ ਨੇ ਤੁਹਾਡੇ ਝੂਠ ਦੀ ਪੋਲ ਖੋਲ ਦਿੱਤੀ ਹੈ।’’
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਕਿਸਾਨਾਂ ਦੇ ਹੱਕ ਵਿੱਚ ਸਪੱਸ਼ਟ ਸਟੈਂਡ ਲੈਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਕੇਜਰੀਵਾਲ ਹੁਣ ਮੌਕੇ ਦੀ ਭਾਲ ਵਿੱਚ ਹੈ ਤਾਂ ਜੋ ਉਹ ਕਿਸਾਨ ਭਾਈਚਾਰੇ ਦਰਮਿਆਨ ਆਪਣੀ ਪਾਰਟੀ ਦੀ ਡਿੱਗ ਚੁੱਕੀ ਸਾਖ਼ ਨੂੰ ਬਹਾਲ ਕਰ ਸਕੇ। ਉਨਾਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਭਾਰਤ ਬੰਦ ਦੇ ਸੱਦੇ ਵਿੱਚ ਕਿਸਾਨਾਂ ਨੂੰ ਭਰਮਾਉਣ ਦਾ ਇਕ ਮੌਕਾ ਵੇਖਿਆ ਹੈ ਪਰ ਕਿਸਾਨਾਂ ਨੇ ਪੰਜਾਬ ਵਿੱਚ ‘ਆਪ’ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ।

Related posts

Leave a Reply

Required fields are marked *