Subscribe Now

* You will receive the latest news and updates on your favorite celebrities!

Trending News

Blog Post

ਕੀ ਤੁਸੀਂ ਸੌੜੀ ਸਿਆਸਤ ਤੋਂ ਉਪਰ ਨਹੀਂ ਉਠ ਸਕਦੇ?- ਮੁੱਖ ਮੰਤਰੀ ਨੇ ਆਪ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ
punjab

ਕੀ ਤੁਸੀਂ ਸੌੜੀ ਸਿਆਸਤ ਤੋਂ ਉਪਰ ਨਹੀਂ ਉਠ ਸਕਦੇ?- ਮੁੱਖ ਮੰਤਰੀ ਨੇ ਆਪ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ 

ਸਰਬ ਪਾਰਟੀ ਮੀਟਿੰਗ ਵਿੱਚੋਂ ਵਾਕ-ਆਊਟ ਕਰਨ ’ਤੇ ਕੇਜਰੀਵਾਲ ਦੀ ਪਾਰਟੀ ਦੀ ਸਖ਼ਤ ਨਿੰਦਾ
ਮਤਾ ਪਾਸ ਕਰਨ ਤੋਂ ਕੁਝ ਮਿੰਟ ਪਹਿਲਾਂ ਸ਼ਰਮਨਾਕ ਢੰਗ ਨਾਲ ਵਾਕ-ਆਊਟ ਕਰ ਜਾਣ ਨਾਲ ਕਿਸਾਨ ਮੁੱਦੇ ’ਤੇ ਦੋਗਲਾ ਚਿਹਰਾ ਬੇਨਕਾਬ ਹੋਇਆ
ਚੰਡੀਗੜ, 2 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿੱਚ ਮਤਾ ਪਾਸ ਕਰਨ ਤੋਂ ਕੁਝ ਮਿੰਟ ਪਹਿਲਾਂ ਸਰਬ ਪਾਰਟੀ ਮੀਟਿੰਗ ਵਿੱਚੋਂ ਵਾਕ-ਆਊਟ ਕਰ ਜਾਣ ’ਤੇ ਆਮ ਆਦਮੀ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨਾਂ ਕਿਹਾ ਕਿ ਇਸ ਨਾਲ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਦੋਗਲਾ ਚਿਹਰਾ ਇਕ ਵਾਰ ਫੇਰ ਬੇਪਰਦ ਹੋ ਗਿਆ ਜੋ ਕਿਸਾਨਾਂ ਦੇ ਮਾਮਲਿਆਂ ’ਤੇ ਆਪਣੇ ਸੌੜੇ ਸਿਆਸੀ ਮੁਫ਼ਾਦ ਪਾਲ ਰਹੀ ਹੈ।
ਦਿੱਲੀ ਦੀਆਂ ਸਰਹੱਦਾਂ ’ਤੇ ਸੂਬੇ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਪੁਲੀਸ ਦੇ ਮੁਲਾਜ਼ਮ ਤਾਇਨਾਤ ਕਰਨ ਵਾਸਤੇ ਆਪ ਦੀ ‘ਬੇਹੂਦਾ ਅਤੇ ਜ਼ਾਹਰਾ ਤੌਰ ’ਤੇ ਗੈਰ-ਕਾਨੂੰਨੀ’ ਮੰਗ ਨੂੰ ਮੁੱਖ ਮੰਤਰੀ ਵੱਲੋਂ ਮੰਨਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਆਪ ਮੈਂਬਰ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ।
ਮੁੱਖ ਮੰਤਰੀ ਨੇ ਕਿਹਾ,‘‘ਲਗਪਗ ਚਾਰ ਘੰਟੇ ਚੱਲੀ ਮੀਟਿੰਗ ਵਿੱਚ ਸੰਕਟ ਦੀ ਇਸ ਘੜੀ ’ਚ ਬਾਕੀ ਪੰਜਾਬ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਡਟੇ ਹੋਣ ਦਾ ਖੇਖਣ ਕਰਨ ਤੋਂ ਬਾਅਦ ਆਪ ਮੈਂਬਰਾਂ ਨੇ ਉਸ ਮੰਗ ਨੂੰ ਲੈ ਕੇ ਵਾਕ-ਆਊਟ ਕਰ ਦਿੱਤਾ, ਜਿਸ ਨੂੰ ਸੂਬਾ ਸਰਕਾਰ ਨਹੀਂ ਮੰਨ ਸਕਦੀ।’’ ਉਨਾਂ ਕਿਹਾ,‘‘ਸਪੱਸ਼ਟ ਤੌਰ ’ਤੇ ਮੀਟਿੰਗ ਦੀ ਸ਼ੂਰਆਤ ਤੋਂ ਹੀ ਆਪ ਮੈਂਬਰਾਂ ਵੱਲੋਂ ਸੂਬਾ ਅਤੇ ਇੱਥੋਂ ਦੇ ਕਿਸਾਨਾਂ ਦਾ ਸਮਰਥਨ ਕਰਨ ਦੀ ਕੋਈ ਨੀਅਤ ਨਹੀਂ ਸੀ, ਜਿਸ ਦਾ ਪਤਾ ਇਸ ਮਤੇ ਉਤੇ ਇਕਮਤ ਹੋਣ ਦੀ ਸਹਿਮਤੀ ਪ੍ਰਗਟਾਉਣ ਤੋਂ ਕੁਝ ਮਿੰਟ ਪਹਿਲਾਂ ਹੀ ਵਾਕ-ਆਊਟ ਕੀਤੇ ਜਾਣ ਤੋਂ ਲਗਦਾ ਹੈ।
ਆਪ ਦੀਆਂ ਇਨਾਂ ਕਾਰਵਾਈਆਂ ਨੂੰ ਗਿਣੀ-ਮਿੱਥੀ ਯੋਜਨਾ ਦਾ ਹਿੱਸਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ,‘‘ਇਹ ਕਿਵੇਂ ਸੰਭਵ ਹੋ ਸਕਦਾ ਕਿ ਕੌਮੀ ਧਿਰ ਹੋਣ ਦਾ ਢਕਵੰਜ ਕਰਨ ਵਾਲੀ ਪਾਰਟੀ ਨੂੰ ਇਹ ਨਾ ਪਤਾ ਹੋਵੇ ਕਿ ਕੋਈ ਵੀ ਸੂਬਾ ਪੁਲੀਸ, ਕਿਸੇ ਹੋਰ ਸੂਬੇ ਵਿੱਚ ਸਧਾਰਨ ਢੰਗ ਨਾਲ ਨਹੀਂ ਵੜ ਸਕਦੀ।’’ ਉਨਾਂ ਕਿਹਾ,‘‘ ਕਿਸਾਨ-ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਪੂਰੀ ਤਰਾਂ ਗੈਰ-ਕਾਨੂੰਨੀ ਮੰਗ ਨੂੰ ਲੈ ਕੇ ਕਿਸਾਨਾਂ ਨਾਲ ਸਬੰਧਤ ਮਸਲੇ ਉਤੇ ਆਮ ਸਹਿਮਤੀ ਬਣਾਉਣ ਲਈ ਸੱਦੀ ਗਈ ਅਹਿਮ ਮੀਟਿੰਗ ਦਾ ਵਾਕ-ਆਊਟ ਕਿਵੇਂ ਕਰ ਸਕਦੀ ਹੈ? ਜੇਕਰ ਉਨਾਂ ਨੂੰ ਸੱਚਮੁੱਚ ਹੀ ਸੂਬੇ ਅਤੇ ਇੱਥੋਂ ਦੇ ਲੋਕਾਂ ਦਾ ਫਿਕਰ ਸੀ ਤਾਂ ਪੰਜਾਬ ਦੇ ਹਿੱਤਾਂ ਨੂੰ ਪ੍ਰਣਾਈਆਂ ਸਾਰੀਆਂ ਪਾਰਟੀਆਂ ਵੱਲੋਂ ਕੀਤੇ ਗਏ ਸਾਂਝੇ ਉੱਦਮ ਦੀ ਉਨਾਂ ਨੇ ਹਮਾਇਤ ਕਿਉਂ ਨਹੀਂ ਕੀਤੀ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਨੂੰ ਨਾ ਤਾਂ ਕਿਸਾਨਾਂ ਅਤੇ ਨਾ ਹੀ ਪੰਜਾਬ ਦਾ ਫਿਕਰ ਹੈ, ਜਿਵੇਂ ਕਿ ਉਨਾਂ ਦੇ ਕਾਰਿਆਂ ਤੋਂ ਸਾਫ ਜ਼ਾਹਿਰ ਹੁੰਦਾ ਹੈ। ਉਨਾਂ ਅੱਗੇ ਕਿਹਾ ਕਿ ਅਜਿਹੇ ਸੰਜੀਦਾ ਅਤੇ ਸੰਵੇਦਨਸ਼ੀਲ ਮੁੱਦੇ ’ਤੇ ਵੀ ਸੌੜੀ ਸਿਆਸਤ ਤੋਂ ਉੱਪਰ ਨਾ ਉੱਠਦੇ ਹੋਏ ਆਪ ਨੇ ਖੁਦ ਨੂੰ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦਾ ਹੱਥਠੋਕਾ ਸਾਬਤ ਕਰ ਦਿੱਤਾ ਹੈ। ਉਨਾਂ ਸਾਫ ਕੀਤਾ ਕਿ ਇਨਾਂ ਦੋਵੇਂ ਪਾਰਟੀਆਂ ਨੇ ਆਪਸ ਵਿੱਚ ਮਿਲੀਭੁਗਤ ਕਰਦੇ ਹੋਏ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਾਈ ਹੈ। ਉਨਾਂ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਕਿ ਭਾਜਪਾ ਅਤੇ ਆਪ ਦੇ ਮੈਂਬਰ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਵਿਖੇ ਹਿੰਸਾ ਭੜਕਾਉਂਦੇ ਹੋਏ ਕੈਮਰੇ ਵਿੱਚ ਕੈਦ ਹੋ ਗਏ ਸਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ, ‘‘ਆਪ ਵੱਲੋਂ ਵਾਕ-ਆਊੁਟ ਕਰਨਾ ਇਹ ਸਾਬਤ ਕਰਦਾ ਹੈ ਕਿ ਇਹ ਪਾਰਟੀ ਸੱਤਾਧਾਰੀ ਭਾਜਪਾ ਵੱਲੋਂ ਕਿਸਾਨਾਂ, ਜੋ ਕਿ ਕੇਜਰੀਵਾਲ ਦੀ ਪਾਰਟੀ ਦੀ ਹਕੂਮਤ ਵਾਲੀ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਕੁੱਟੇ ਗਏ, ਤੰਗ-ਪ੍ਰੇਸ਼ਾਨ ਕੀਤੇ, ਲਤਾੜੇ ਅਤੇ ਦੇਸ਼ ਦੇ ਦੁਸ਼ਮਣ ਸਮਝੇ ਜਾ ਰਹੇ ਹਨ, ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦਾ ਹਿੱਸਾ ਹਨ। ’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਆਪ ਨੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੋਹਰੇ ਮਾਪਦੰਡ ਅਪਣਾਏ ਹੋਣ। ਉਨਾਂ ਇਹ ਵੀ ਕਿਹਾ, ‘‘ਵਿਧਾਨ ਸਭਾ ਵਿੱਚ ਸੂਬਾਈ ਸੋਧ ਬਿੱਲਾਂ ਦਾ ਸਮਰਥਨ ਕਰਨ ਤੋਂ ਬਾਅਦ ਉਹ ਪਹਿਲਾਂ ਵੀ ਮੁੱਕਰ ਚੁੱਕੇ ਹਨ। ’’ ਉਨਾਂ ਅੱਗੇ ਦੱਸਿਆ ਕਿ ਇਸ ਵਾਰ ਵੀ ਆਪ ਦੇ ਆਗੂਆਂ ਨੇ ਸਦਨ ਵਿੱਚ ਜੋ ਗੱਲ ਕਹੀ, ਬਾਹਰ ਜਾ ਕੇ ਉਸ ਤੋਂ ਪਲਟ ਗਏ।
ਮੁੱਖ ਮੰਤਰੀ ਨੇ ਆਪ ਦੀ ਲੀਡਰਸ਼ਿਪ ਨੂੰ ਸਵਾਲ ਕੀਤਾ, ‘‘ਕੀ ਤੁਹਾਨੂੰ ਕੋਈ ਸ਼ਰਮ ਹੈ?’’ ਉਨਾਂ ਇਹ ਵੀ ਕਿਹਾ ਕਿ ਅੱਜ ਦੇ ਰਵੱਈਏ ਨੇ ਪੰਜਾਬ ਵਿੱਚ ਹਮੇਸ਼ਾ ਲਈ ਆਪ ਦੀ ਕਿਸਮਤ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ, ‘‘ਜੇਕਰ ਪੰਜਾਬ ਦੇ ਲੋਕ ਤੁਹਾਨੂੰ ਤੁਹਾਡੀਆਂ ਹੀ ਸ਼ਰਮਨਾਕ ਹਰਕਤਾਂ ਵਾਂਗ ਜਵਾਬ ਦੇਣ ’ਤੇ ਆ ਗਏ ਤਾਂ ਤੁਹਾਨੂੰ ਮੂੰਹ ਲੁਕਾਉਣ ਲਈ ਵੀ ਕਿਤੇ ਥਾਂ ਨਹੀਂ ਲੱਭੇਗੀ।’’

Related posts

punjab

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਸੰਗਰੂਰ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਮਿਸ਼ਨ ਫ਼ਤਿਹ 2.0 ’ਚ ਨੌਜਵਾਨਾਂ ਦਾ ਸਹਿਯੋਗ ਬੇਹੱਦ ਜ਼ਰੂਰੀ: ਵਿਜੈ ਇੰਦਰ ਸਿੰਗਲਾ ਸੰਗਰੂਰ ਦੇ ਵਸਨੀਕ ਮੇਰਾ ਪਰਿਵਾਰ ਤੇ ਪਰਿਵਾਰਕ ਮੈਂਬਰਾਂ ਦਾ ਖਿਆਲ ਰੱਖਣ ਲਈ ਮੈਂ ਹਰ ਵੇਲੇ ਯਤਨਸ਼ੀਲ: ਕੈਬਨਿਟ ਮੰਤਰੀ ਸਿੰਗਲਾ 

Leave a Reply

Required fields are marked *