Breaking News

ਕਿਸਾਨਾਂ ਦਾ ਸਿੱਧੀ ਬਿਜਾਈ ਵੱਲ ਰੁਝਾਨ ਖੇਤੀ ਦੇ ਭਵਿੱਖ ਲਈ ਚੰਗਾ ਸੰਕੇਤ: ਮੁੱਖ ਖੇਤੀਬਾੜੀ ਅਫ਼ਸਰ

ਕਿਸਾਨਾਂ ਦਾ ਸਿੱਧੀ ਬਿਜਾਈ ਵੱਲ ਰੁਝਾਨ ਖੇਤੀ ਦੇ ਭਵਿੱਖ ਲਈ ਚੰਗਾ ਸੰਕੇਤ: ਮੁੱਖ ਖੇਤੀਬਾੜੀ ਅਫ਼ਸਰ
*ਸੰਗਰੂਰ ਜ਼ਿਲੇ ’ਚ ਲਗਭਗ 29,000 ਹੈਕਟਰ ਰਕਬੇ ’ਤੇ ਹੋਈ ਝੋਨੇ ਦੀ ਸਿੱਧੀ ਬਿਜਾਈ: ਡਾ. ਜਸਵਿੰਦਰਪਾਲ ਸਿੰਘ ਗਰੇਵਾਲ
ਸੰਗਰੂਰ, 11 ਜੂਨ:
ਕਰੋਨਾ ਮਹਾਂਮਾਰੀ ਦੇ ਚੱਲਦੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਖੇਤ ’ਚ ਕੱਦੂ ਕਰਨ ਤੋਂ ਬਗੈਰ ਮਸ਼ੀਨਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਅਤੇ ਸੰਗਰੂਰ ਜ਼ਿਲੇ ’ਚ ਲਗਭਗ 29,000 ਹੈਕਟਰ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦਾ ਝੋਨੇ ਦੀ ਸਿੱਧੀ ਬਿਜਾਈ ਵੱਲ ਉਤਸ਼ਾਹਿਤ ਹੋਣਾ ਪੰਜਾਬ ਦੀ ਖੇਤੀਬਾੜੀ ਲਈ ਚੰਗਾ ਸੰਕੇਤ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੂਰੇ ਸੰਗਰੂਰ ਜ਼ਿਲੇ ’ਚੋਂ ਬਲਾਕ ਲਹਿਰਾ ’ਚ ਸਭ ਤੋਂ ਵੱਧ ਲਗਭਗ 8000 ਹੈਕਟੇਅਰ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਉਨਾਂ ਕਿਹਾ ਕਿ ਲਹਿਰਾ ਬਲਾਕ ’ਚ ਵੀ ਹਰਿਆਓ ਪਿੰਡ ਮੋਹਰੀ ਬਣਿਆ ਹੋਇਆ ਹੈ ਜਿੱਥੇ 550 ਏਕੜ ਰਕਬੇ ਤੋਂ ਜ਼ਿਆਦਾ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਸੰਤੁਸ਼ਟੀ ਜ਼ਾਹਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਵਧੇਰੇ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਵਾਤਾਵਰਨ ਦਾ ਵੱਡਮੁੱਲਾ ਅੰਗ ਪਾਣੀ ਵੱਡੇ ਪੱਧਰ ’ਤੇ ਬਚਾਇਆ ਜਾ ਸਕੇਗਾ। ਉਨਾਂ ਦੱਸਿਆ ਕਿ ਹਰਿਆਊ ਪਿੰਡ ’ਚ ਹੀ ਕਿਸਾਨ ਸੁਖਚੈਨ ਸਿੰਘ ਪੁੱਤਰ ਬਲਵੀਰ ਸਿੰਘ ਨੇ ਆਪਣੀ 5 ਏਕੜ ਰਕਬੇ ’ਚੋਂ 1 ਏਕੜ ਜ਼ਮੀਨ ’ਚ ਵੱਟਾਂ ’ਤੇ ਝੋਨਾ ਲਾਇਆ ਹੋਇਆ ਹੈ ਅਤੇ 1 ਏਕੜ ਰਕਬੇ ’ਤੇ ਬਿਨਾਂ ਕੱਦੂ ਕੀਤਿਆਂ ਜੀਰੀ ਦੀ ਬਿਜਾਈ ਕੀਤੀ ਹੋਈ ਹੈ ਜੋ ਕਿ ਬਹੁਤ ਵਧੀਆ ਹਾਲਤ ’ਚ ਖੜੀ ਹੈ।
ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਲੇਬਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਿਆ ਹੈ, ਉਥੇ ਹੀ ਕੁਦਰਤ ਦੀ ਅਨਮੋਲ ਦਾਤ ਪਾਣੀ ਦੀ ਬੱਚਤ ਵੀ ਹੋਵੇਗੀ ਅਤੇ ਕਿਸਾਨ ਦੇ ਖੇਤੀ ਖਰਚੇ ਵੀ ਘਟਣਗੇ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਚੰਗਾ ਸੰਕੇਤ ਹੈ ਅਤੇ ਕਿਸਾਨਾਂ ਦਾ ਸਿੱਧੀ ਬਿਜਾਈ ਵੱਲ ਵੱਧਦਾ ਰੁਝਾਨ ਕਿਸਾਨਾਂ ਲਈ ਨਵੇਂ ਰਾਹ ਖੋਲੇਗਾ। ਇਸ ਮੌਕੇ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਿਫਾਰਸਸ਼ੁਦਾ ਖਰਪਤਵਾਰ ਜਿਵੇਂਕਿ ਪੈਂਡੀਮੈਥਲੀਨ 50%, ਬਿਸਪਾਇਰੀਬੈਕ 10 ਐਸ.ਸੀ., ਅਜਿਮਸਲਫੂਰਾਨ 50 ਡੀ.ਐਫ ਆਦਿ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਹੀ ਵਰਤਣ।
ਇਸ ਮੌਕੇ ਡਾ. ਗੁਰਦੇਵ ਸਿੰਘ, ਖੇਤੀਬਾੜੀ ਅਫ਼ਸਰ ਲਹਿਰਾ, ਨੇ ਦੱਸਿਆ ਕਿ ਹਰਿਆਊ ਪਿੰਡ ’ਚ ਕਿਸਾਨਾਂ ਵੱਲੋਂ ਮੱਕੀ ਅਤੇ ਨਰਮੇ ਦੀ ਫਸਲ ਦੀ ਕਾਫੀ ਰਕਬੇ ’ਚ ਬਿਜਾਈ ਕੀਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਫਸਲੀ ਵਿਭਿੰਨਤਾ ਅਪਣਾ ਕੇ ਮੱਕੀ ਅਤੇ ਨਰਮੇ ਹੇਠ ਹੋਰ ਵਧੇਰੇ ਰਕਬਾ ਲਿਆਦਾ ਜਾਵੇ ਤਾਂ ਜੋ ਲੇਬਰ ਅਤੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਰਿੰਦਰ ਸਿੰਘ, ਜੂਨੀਅਰ ਤਕਨੀਸ਼ੀਅਨ ਸੁਖਜਿੰਦਰ ਸਿੰਘ, ਪਿੰਡ ਦੇ ਅਗਾਂਹਵਧੂ ਕਿਸਾਨ ਨਛੱਤਰ ਸਿੰਘ, ਜੀਤ ਸਿੰਘ ਅਤੇ ਚਮਕੌਰ ਸਿੰਘ ਵੀ ਹਾਜ਼ਰ ਸਨ।

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *