ਜ਼ਿਲ੍ਹੇ ਦੀਆਂ ਮੰਡੀਆਂ `ਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਖਰੀਦ ਪ੍ਰਕਿਰਿਆ ਉੱਤੇ ਰੱਖ ਰਹੇ ਨੇ ਨਿਗਰਾਨੀ
ਕਾਦੀਆਂ ਮੰਡੀ ਵਿੱਚ ਵੱਧ ਤੋਲ ਤੋਲਣ ਵਾਲੇ ਆੜ੍ਹਤੀਏ ਨੂੰ ਕਰਵਾਇਆ ਜੁਰਮਾਨਾ
ਬਟਾਲਾ, 23 ਅਪ੍ਰੈਲ – ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਇਕ ਪਾਸੇ ਜਿੱਥੇ ਖਰੀਦ ਏਜੰਸੀਆਂ, ਸਰਕਾਰੀ ਤੰਤਰ, ਆੜਤੀਏ ਅਤੇ ਹੋਰ ਧਿਰਾਂ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ, ਉਥੇ ਹੀ ਪੰਜਾਬ ਸਰਕਾਰ ਦੇ ਕੰਨ ਅਤੇ ਅੱਖਾਂ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਖੁਸ਼ਹਾਲੀ ਦੇ ਰਾਖੇ (ਜ.ਓ.ਜੀ) ਵੀ ਕਣਕ ਦੀ ਖਰੀਦ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਆਪਣੀ ਜਿਣਸ ਮੰਡੀਆਂ `ਚ ਵੇਚਣ ਲਈ ਪੁੱਜ ਰਹੇ ਕਿਸਾਨਾਂ ਦੀ ਸਹਾਇਤਾ ਲਈ ਖੁਸ਼ਹਾਲੀ ਦੇ ਰਾਖੇ ਜ਼ਿਲ੍ਹੇ ਦੀਆਂ ਮੰਡੀਆਂ `ਚ ਡਟੇ ਹੋਏ ਹਨ। ਜੀ.ਓ.ਜੀ ਦੇ ਤਹਿਸੀਲ ਬਟਾਲਾ ਦੇ ਮੁਖੀ ਕਰਨਲ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਮੰਡੀਆਂ `ਚ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਸਰਕਾਰ ਨੂੰ ਫੀਡਬੈਕ ਭੇਜਣ ਲਈ ਜ਼ਿਲ੍ਹੇ ਦੀਆਂ ਮੰਡੀਆਂ `ਚ ਖੁਸ਼ਹਾਲੀ ਦੇ ਰਾਖੇ ਰੋਜ਼ਾਨਾ ਮੰਡੀਆਂ `ਚ ਜਾ ਰਹੇ ਹਨ। ਇਹ ਖੁਸ਼ਹਾਲੀ ਦੇ ਰਾਖੇ ਜਿੱਥੇ ਕੋਵਿਡ ਤੋਂ ਬਚਾਅ ਲਈ ਸਾਰੇ ਇਹਤਿਹਾਤ ਦੀ ਪਾਲਣਾ ਕਰਵਾਉਂਦੇ ਹਨ ਉਥੇ ਹੀ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਲਈ ਵੀ ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਰਤ ਕੀਤਾ ਜਾਂਦਾ ਹੈ।
ਉਹਨਾਂ ਨੇ ਦੱਸਿਆ ਕਿ ਜੀ.ਓ.ਜੀ. ਵੱਲੋਂ ਜਿੱਥੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਮੰਡੀਆਂ `ਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬਾਥਰੂਮ ਤੇ ਕੋਵਿਡ ਤੋਂ ਬਚਾਅ ਲਈ ਸੈਨੇਟਾਈਜਰ ਤੇ ਮਾਸਕਾਂ ਦੇ ਪ੍ਰਬੰਧ ਵੀ ਦੇਖੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ `ਚ ਜੀ.ਓ.ਜੀਜ ਅਤੇ ਸਬ ਡਵੀਜਨ `ਚ ਸੁਪਰਵਾਈਜ਼ਰ ਨਿਗਰਾਨੀ ਦਾ ਕੰਮ ਕਰ ਰਹੇ ਹਨ।
ਕਰਨਲ ਸ਼ਾਹੀ ਨੇ ਦੱਸਿਆ ਕਿ ਅੱਜ ਦਾਣਾ ਮੰਡੀ ਕਾਦੀਆਂ ਵਿੱਚ ਜੀ.ਓ.ਜੀ. ਟੀਮ ਵੱਲੋਂ ਦੌਰਾ ਕੀਤਾ ਗਿਆ ਅਤੇ ਜਾਂਚ ਦੌਰਾਨ ਪਾਇਆ ਗਿਆ ਕਿ ਬੋਪਾਰਾਏ ਕਮਿਸ਼ਨ ਏਜੰਟ ਦੀ ਮੰਡੀ ਵਿੱਚ ਕਣਕ ਦੀ ਫਸਲ ਦਾ ਤੋਲ ਵੱਧ ਕੀਤਾ ਜਾ ਰਿਹਾ ਸੀ। ਇਸ ਤੇ ਜੀ.ਓ.ਜੀ. ਦੇ ਨੁਮਾਇੰਦਿਆਂ ਨੇ ਤੁਰੰਤ ਮਾਰਕਿਟ ਕਮੇਟੀ ਦੇ ਅਧਿਕਾਰੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ, ਜਿਸਤੋਂ ਬਾਅਦ ਆੜ੍ਹਤੀਏ ਨੂੰ ਜੁਰਮਾਨਾ ਕੀਤਾ ਗਿਆ ਅਤੇ ਕਿਸਾਨ ਤਰਸੇਮ ਸਿੰਘ ਡੱਲਾ ਨੂੰ ਉਸਦਾ ਹੱਕ ਦਿਵਾਇਆ ਗਿਆ।