ਬਰਨਾਲਾ, 19 ਅਪਰੈਲ
ਜ਼ਿਲਾ ਬਰਨਾਲਾ ਦੀਆਂ ਮੰਡੀਆਂ ਵਿੱਚ ਹਾੜੀ ਦੀ ਪ੍ਰਮੁੱਖ ਫਸਲ ਕਣਕ ਦੀ ਖਰੀਦ ਜਾਰੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਜਿੱਥੇ ਕਣਕ ਦੀ ਸੁਖਾਵੀਂ ਖਰੀਦ ਲਈ ਯਤਨ ਜਾਰੀ ਹਨ, ਉਥੇ ਕਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਇਹਤਿਆਤਾਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਜ਼ਿਲੇ ਦੀਆਂ ਮੰਡੀਆਂ ਵਿਚ 18 ਅਪਰੈਲ ਤੱਕ ਕਿਸਾਨਾਂ ਵੱਲੋਂ ਮੰਡੀਆਂ ਵਿਚ 2,08,443 ਮੀਟਿ੍ਰਕ ਟਨ ਕਣਕ ਲਿਆਂਦੀ ਗਈ ਹੈ। ਇਸ ਮੌਕੇ ਗੱਲ ਕਰਦੇ ਹੋਏ ਕਿਸਾਨ ਮਨਦੀਪ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਗੁੰਮਟੀ ਨੇ ਦੱਸਿਆ ਕਿ ਉਸ ਗੁੰਮਟੀ ਮੰਡੀ ਵਿਚ 50 ਕੁਇੰਟਸ ਜਿਣਸ ਲੈ ਕੇ 18 ਅਪਰੈਲ ਨੂੰ ਆਇਆ ਸੀ, ਜਿਸ ਦੀ ਬੋਲੀ ਉਸੇ ਦਿਨ ਹੀ ਲੱਗ ਗਈ। ਕਿਸਾਨ ਨੇ ਮੰਡੀ ਵਿਚ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਉਦੇ ਹੋਏ ਆਖਿਆ ਕਿ ਗੁੰਮਟੀ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਸਮੇਂ ਸਿਰ ਹੋ ਰਹੀ ਹੈ।
ਇਸ ਮੌਕੇ ਕਿਸਾਨ ਸੁਖਜਿੰਦਰ ਸਿੰੰਘ ਪੁੱਤਰ ਚਮਕੌਰ ਸਿੰਘ ਵਾਸੀ ਪੱਖੋਂ ਕਲਾਂ ਨੇ ਦੱਸਿਆ ਕਿ ਉਹ ਕੱਲ ਸਵੇਰੇ ਆਪਣੀ ਫਸਲ ਅਨਾਜ ਮੰਡੀ ਵਿਚ ਲਿਆਇਆ ਸੀ, ਜਿਸ ਦੀ ਖਰੀਦ ਉਸੇ ਦਿਨ ਸ਼ਾਮ ਤੱਕ ਹੋ ਗਈ। ਉਨਾਂ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਖਰੀਦ ਪ੍ਰਬੰਧਾਂ ’ਤੇ ਤਸੱਲੀ ਜਤਾਈ।
ਇਸ ਮੌਕੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਅਤਿੰਦਰ ਕੌਰ ਨੇ ਦੱਸਿਆ ਕਿ ਮੰਡੀਆਂ ਵਿਚ ਨਮੀ ਰਹਿਤ ਕਣਕ ਦੀ ਖਰੀਦ ਸਮੇਂ ਸਿਰ ਏਜੰਸੀਆਂ ਰਾਹੀਂ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਦੀਆਂ ਮੰਡੀਆਂ ਵਿਚ 18 ਅਪਰੈਲ ਤੱਕ 2,08,443 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ। ਹੁਣ ਤੱਕ ਵੱਖ ਵੱਖ ਏਜੰਸੀਆਂ ਵੱਲੋਂ 1,50,591 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਲਿਫਟਿੰਗ ਪ੍ਰਕਿਰਿਆ ਵੀ ਨਾਲੋ ਨਾਲ ਜਾਰੀ ਹੈ। ਉਨਾਂ ਕਿਸਾਨਾਂ ਨੂੰ ਸੁੱਕੀ ਫਸਲ ਮੰਡੀਆਂ ਵਿਚ ਲਿਆਉਣ ਅਤੇ ਕਰੋਨਾ ਇਹਤਿਆਤਾਂ ਦੀ ਪਾਲਣਾ ਦੀ ਅਪੀਲ ਕੀਤੀ।