ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ ਅਤੇ ਵਕਾਰ ਘਟਾਉਣ ਲਈ ਬਾਦਲ ਸਿੱਖ ਪੰਥ ਤੋਂ ਮਾਫੀ ਮੰਗਣ
ਕੈਪਟਨ ਅਮਰਿੰਦਰ ਸਿੰਘ ਪ੍ਰਸ਼ਾਸਨਿਕ ਸੂਝ ਬੂਝ ਨਾਲ ਪੰਜਾਬ ਬਰਬਾਦ ਹੋਣ ਤੋਂ ਬਚਿਆ
ਭਵਾਨੀਗੜ੍ਹ, ਪ੍ਰੋਗਰੈਸਿਵ ਪੰਜਾਬ ਕਾਂਗਰਸ ਸੈਲ ਦੇ ਚੇਅਰਮੈਨ ਯੋਗਿੰਦਰ ਸਿੰਘ ਯੋਗੀ ਨੇ ਇਕ ਬਿਆਨ ਵਿਚ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ ਦਾ ਘਾਣ ਕਰਨ ਲਈ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ। ‘ਸੋ ਕਿਉਂ ਮੰਦਾ ਆਖੀਏ ਜਿਤ ਜੰਮਿ ਰਾਜਾਨ’ ਸਿੱਖ ਸਿਧਾਂਤ ਨਾਲ ਖਿਲਵਾੜ ਕਰਕੇ ਬਲਾਤਕਾਰੀ ਸਾਧ ਤੋਂ ਵੋਟਾਂ ਮੰਗਣ ਲਈ ਗਿੜਗਿੜਾਉਣ ਵਾਲੀ ਨੰਨੀ ਛਾਂ ਹਰਸਿਮਰਤ ਕੌਰ ਬਾਦਲ ਨੂੰ ਸਿੱਖ ਪੰਥ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ ਮੁੰਬਈ ਦੇ ਇਕ ਹੋਟਲ ਵਿਚ ਬੈਠਕੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਾਂਹ ਮਰੋੜ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਗਲਤ ਹੁਕਮਨਾਮਾਂ ਜਾਰੀ ਕਰਵਾਇਆ ਸੀ। ਜੋ ਕਿ ਸਿੱਖ ਸੰਗਤ ਨੇ ਆਪਣੀ ਸੂਝ ਬੂਝ ਨਾਲ ਗੁਰਮਤੀ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਮੁਆਫੀ ਦੇ ਗਲਤ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਉਸ ਸਮੇਂ ਸੁਖਬੀਰ ਬਾਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੁਆਫੀ ਦੇ ਗਲਤ ਹੁਕਮਨਾਮੇ ਨੂੰ ਠੀਕ ਕਰਨ ਲਈ 95 ਲੱਖ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਿਚ ਛਪਵਾਏ ਸਨ। ਅੰਤ ਵਿਚ ਸਿੱਖ ਪੰਥ ਦੇ ਵਿਦਰੋਹ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਧਾ ਸਾਧ ਨੂੰ ਮਾਫ ਕਰ ਦੇਣ ਦਾ ਫੈਸਲਾ ਵਾਪਸ ਲੈਣਾ ਪਿਆ ਸੀ। ਇਸ ਸਮੇਂ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਿੱਖ ਪੰਥ ਦਾ ਜਾਨੀ ਮਾਲੀ ਨੁਕਸਾਨ ਅਤੇ ਗੁਰਬਾਣੀ ਦੀ ਬੇਹੁਰਮਤੀ ਹੋਈ, ਉਸ ਲਈ ਵੀ ਬਾਦਲ ਪਰਿਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸ. ਯੋਗਿੰਦਰ ਯੋਗੀ ਨੇ ਆਪਣਾ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਫਰਵਰੀ 2017 ਦੀਆਂ ਚੋਣਾਂ ਸਮੇਂ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦਾ ਘਾਣ ਕਰਕੇ ਬਾਦਲ ਦੇ ਅਨੇਕਾ ਲੀਡਰ ਵੋਟਾਂ ਮੰਗਣ ਦੇ ਲਈ ਸੌਧਾ ਸਾਧ ਦੇ ਸਾਹਮਣੇ ਗਿੜਗਿੜਾਏ ਅਤੇ ਨਤਮਸਤਕ ਹੋਏ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਇਸ ਗੱਲ ਦਾ ਸਖਤੀ ਨਾਲ ਨੋਟਿਸ ਲਿਆ ਗਿਆ ਤਾਂ ਮੁੜ ਬਾਦਲਾਂ ਨੇ ਆਪਣੇ ਜੋਰ ਅਤੇ ਸੱਤਾ ਦੇ ਨਸ਼ੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰਵਾਈ ਤੋਂ ਇਨ੍ਹਾਂ ਲੀਡਰਾਂ ਨੂੰ ਬਚਾਅ ਲਿਆ। ਜਿੱਥੇ ਦੁਨੀਆਂ ਭਰ ਦੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਨਸਾਫ ਲਈ ਹਰ ਗੱਲ ਦੀ ਪ੍ਰੇਰਨਾ ਲੈਂਦੇ ਹਨ ਉਥੇ ਇਕ ਦੁਨਿਆਵੀ ਅਦਾਲਤ ਜੱਜ ਨੇ ਸਹੀ ਇਨਸਾਫ ਕਰਕੇ ਲੋਕਾਂ ਨੂੰ ਸਹੀ ਰਾਹ ਦਰਸਾਇਆ ਹੈ। ਇਤਿਹਾਸ ਦੇ ਇਸ ਪੁੱਠੇ ਗੇੜ ਲਈ ਬਾਦਲ ਪਰਿਵਾਰ ਹੀ ਜੁੰਮੇਵਾਰ ਹਨ। ਜੇਕਰ ਆਪਣੇ ਨਿੱਜੀ ਮੁਫਾਦਾ ਨੂੰ ਮੁੱਖ ਰੱਖ ਕੇ ਬਾਦਲ ਸੌਧਾ ਸਾਧ ਨੂੰ ਮਾਫੀ ਨਾ ਦਿਵਾਉਂਦੇ ਤਾਂ ਅੱਜ ਇਤਿਹਾਸ ਵਿਚ ਕੁਝ ਹੋਰ ਹੀ ਲਿਖਿਆ ਜਾਣਾ ਸੀ। ਸ. ਯੋਗੀ ਨੇ ਕਿਹਾ ਅੱਜ ਪੰਜਾਬ ਦੇ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਜਿਸ ਕੋਨੇ ਵਿਚ ਵੀ ਪੰਜਾਬੀ ਬੈਠਾ ਹੈ, ਪੰਜਾਬ ਦੇ ਮੁੱਖ ਮੰਤਰੀ ਬਹਾਦਰ ਜਰਨੈਲ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਸਕਦਾ। ਜਿੰਨ੍ਹਾਂ ਨੇ ਆਪਣੀ ਪ੍ਰਸਾਸਨਿਕ ਸੂਝਬੂਝ ਅਤੇ ਸੈਨਿਕ ਤਜਰਬੇ ਨਾਲ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਅ ਲਿਆ। ਜੇਕਰ ਅੱਜ ਕਿਤੇ ਬਾਦਲਾਂ ਦਾ ਰਾਜ ਹੁੰਦਾ ਤਾਂ ਪੰਜਾਬ ਵੀ ਹਰਿਆਣੇ ਵਾਂਗ ਸੜ ਰਿਹਾ ਹੁੰਦਾ। ਪੰਜਾਬ ਨੂੰ ਬਚਾਉਣ ਦੇ ਲਈ ਸਾਰਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜਾਂਦਾ ਹੈ।