ਮੁੱਖ ਮੰਤਰੀ ਦਫ਼ਤਰ, ਪੰਜਾਬ
ਚੰਡੀਗੜ•, 23 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਅਕਤੂਬਰ ਨੂੰ ਲੰਬੀ ਵਿਧਾਨ ਸਭਾ ਹਲਕੇ ਵਿੱਚ ਕਿੱਲਿਆਂਵਾਲੀ ਵਿਖੇ ਰੈਲੀ ਕਰਕੇ ਬੇਅਦਬੀ ਮਾਮਲਿਆਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਗੁੰਮਰਾਹਕੁਨ ਪ੍ਰਚਾਰ ਦਾ ਜਵਾਬ ਦੇਣਗੇ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਇਕ ਵਫ਼ਦ ਨੇ ਅੱਜ ਇਸ ਪ੍ਰਸਤਾਵਿਤ ਰੈਲੀ ਲਈ ਕਿਲਿਆਂਵਾਲੀ ਦੀ ਅਨਾਜ ਮੰਡੀ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਵਫ਼ਦ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗੁਰਪ੍ਰੀਤ ਸਿੰਘ ਕਾਂਗੜ, ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਅਤੇ ਕੈਪਟਨ ਸੰਦੀਪ ਸੰਧੂ ਸ਼ਾਮਲ ਸਨ।
ਮੁੱਖ ਮੰਤਰੀ ਜ਼ਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਰੈਲੀ ਕਰਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵੱਡੇ ਪੱਧਰ ‘ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਕਾਇਮ ਕੀਤੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ‘ਤੇ ਬਾਦਲ ਵੱਲੋਂ ਝੂਠੇ ਬਿਆਨਾਂ ਰਾਹੀਂ ਸੂਬੇ ਵਿੱਚ ਫਿਰਕੂ ਬੇਚੈਨੀ ਪੈਦਾ ਕਰਨ ਦੀਆਂ ਕੋਝੀਆਂ ਚਾਲਾਂ ਚੱਲਣ ਦਾ ਸਖ਼ਤ ਨੋਟਿਸ ਲਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਹਰ ਵਾਰ ਧਰਮ ਦੀ ਦੁਰਵਰਤੋਂ ਕਰਕੇ ਅਤੇ ਝੂਠ ਦਾ ਸਹਾਰਾ ਲੈ ਕੇ ਫਿਰਕੂ ਭਾਵਨਾਵਾਂ ਭੜਕਾਉਣਾ ਬਾਦਲ ਦੀ ਪੁਰਾਣੀ ਆਦਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਸਾਹਮਣੇ ਇਸ ਅਕਾਲੀ ਲੀਡਰ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਨ ਦਾ ਤਹੱਈਆ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਈ ਹੈ, ਉਸ ਵੇਲੇ ਤੋਂ ਹੀ ਸਾਬਕਾ ਮੁੱਖ ਮੰਤਰੀ ਬਰਗਾੜੀ ਤੇ ਹੋਰ ਬੇਅਦਬੀ ਮਾਮਲਿਆਂ ਦੇ ਨਾਲ-ਨਾਲ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨਿਹੱਥੇ ਲੋਕਾਂ ‘ਤੇ ਪੁਲੀਸ ਵੱਲੋਂ ਗੋਲੀ ਚਲਾਉਣ ਦੀ ਘਟਨਾਵਾਂ ਬਾਰੇ ਗੁੰਮਰਾਹਕੁਨ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Îਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਵਿਧਾਨ ਸਭਾ ‘ਚ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਬਾਦਲ ਵੱਲ ਉਂਗਲ ਉੱਠੀ ਹੈ ਜਿਸ ਕਰਕੇ ਇਨ•ਾਂ ਮਾਮਲਿਆਂ ਵਿੱਚ ਆਪਣੀ ਭੂਮਿਕਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਹ ਅਜਿਹੇ ਕੋਝੇ ਯਤਨ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਵੱਲੋਂ ਆਪਣੇ ਹਿੱਤ ਪੂਰਨ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ‘ਤੇ ਉਸ ਦੀ ਸਖ਼ਤ ਅਲੋਚਨਾ ਕੀਤੀ।
—–